
ਅਧਿਕਾਰੀਆਂ ਨਾਲ ਮਿਲ ਕੇ ਕੀਤਾ 88 ਕਰੋੜ ਦਾ ਘੁਟਾਲਾ
ਲੁਧਿਆਣਾ - ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੀ ਭਾਰਤ ਬਾਕਸ ਫੈਕਟਰੀ ਲਿਮਟਿਡ ਕੰਪਨੀ ਦੇ ਦੋ ਸਾਬਕਾ ਡਾਇਰੈਕਟਰ ਪ੍ਰਵੀਨ ਅਗਰਵਾਲ ਅਤੇ ਅਨਿਲ ਕੁਮਾਰ ਨੂੰ ਸੀਬੀਆਈ ਨੇ ਜੰਮੂ ਦੇ ਕਠੂਆ ਤੋਂ ਗ੍ਰਿਫ਼ਤਾਰ ਕੀਤਾ ਹੈ। ਸੀਬੀਆਈ ਨੇ ਬੈਂਕ ਗਬਨ ਮਾਮਲੇ ਵਿਚ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵਾਂ ਮੁਲਜ਼ਮਾਂ ਨੂੰ ਜੰਮੂ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਸੀਬੀਆਈ ਨੇ ਮੁਲਜ਼ਮਾਂ ਦਾ 7 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ।
ਫੜੇ ਗਏ ਮੁਲਜ਼ਮਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਐਸਬੀਆਈ ਬੈਂਕ ਦੀ ਲੁਧਿਆਣਾ ਸ਼ਾਖਾ ਨਾਲ ਬੈਂਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ 87.88 ਕਰੋੜ ਰੁਪਏ ਦੀ ਧੋਖਾਧੜੀ ਕੀਤੀ ਹੈ। ਇਸ ਮਾਮਲੇ ਦੇ ਆਧਾਰ 'ਤੇ ਸੀ.ਬੀ.ਆਈ. ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀਬੀਆਈ ਦੇ ਬੁਲਾਰੇ ਅਨੁਸਾਰ, ਸਟੇਟ ਬੈਂਕ ਆਫ਼ ਲੁਧਿਆਣਾ ਸ਼ਾਖਾ ਦੀ ਸ਼ਿਕਾਇਤ 'ਤੇ ਸਾਲ 2020 ਵਿਚ ਭਾਰਤ ਪੇਪਰਜ਼ ਮਿੱਲ ਅਤੇ ਇਸ ਦੇ ਮੈਨੇਜਿੰਗ ਡਾਇਰੈਕਟਰ, ਡਾਇਰੈਕਟਰਾਂ ਅਤੇ ਹੋਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਸੀ। ਕੰਪਨੀ ਦੇ ਤਤਕਾਲੀ ਡਾਇਰੈਕਟਰਾਂ ਅਨਿਲ ਕੁਮਾਰ ਅਤੇ ਪ੍ਰਵੀਨ ਅਗਰਵਾਲ ਨੂੰ ਵੀ ਇਸੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਭਾਰਤ ਪੇਪਰ ਮਿੱਲ ਲੰਗੇਟ, ਕਠੂਆ ਵਿਚ 400 ਕਨਾਲ ਜ਼ਮੀਨ ਵਿਚ ਸਥਿਤ ਦੱਸੀ ਜਾਂਦੀ ਹੈ।
ਇਹ ਯੂਨਿਟ ਕਰੀਬ 16 ਸਾਲ ਪਹਿਲਾਂ ਮੰਦੀ ਕਾਰਨ ਬੰਦ ਹੋ ਗਿਆ ਸੀ ਅਤੇ ਇਸ ਦੀ ਮਸ਼ੀਨਰੀ ਵੀ ਵਿਕ ਚੁੱਕੀ ਹੈ। ਹਾਲਾਂਕਿ ਕਈ ਸਾਲ ਪਹਿਲਾਂ ਕੰਪਨੀ ਦੇ ਡਿਫਾਲਟਰ ਹੋਣ ਤੋਂ ਬਾਅਦ ਬੈਂਕ ਨੇ ਇਸ ਜ਼ਮੀਨ ਦਾ ਕਬਜ਼ਾ ਲੈ ਲਿਆ ਹੈ। ਸਾਲ 2006 ਵਿਚ ਕੰਪਨੀ ਨੇ ਪਹਿਲੇ ਪੜਾਅ ਵਿਚ ਕਰੀਬ 200 ਕਰੋੜ ਅਤੇ ਦੂਜੇ ਪੜਾਅ ਵਿਚ 200 ਕਰੋੜ ਰੁਪਏ ਨਿਵੇਸ਼ ਕਰਨ ਦਾ ਦਾਅਵਾ ਕੀਤਾ ਸੀ ਪਰ ਦੋ ਸਾਲਾਂ ਵਿਚ ਹੀ ਕੰਪਨੀ ਨੇ ਕਠੂਆ ਯੂਨਿਟ ਨੂੰ ਤਾਲਾ ਲਾ ਦਿੱਤਾ।
ਇਸ ਪ੍ਰਾਜੈਕਟ ਨੂੰ ਚਲਾਉਣ ਲਈ ਲੁਧਿਆਣਾ ਸਥਿਤ ਸਟੇਟ ਬੈਂਕ ਦੀ ਸ਼ਾਖਾ ਤੋਂ ਕਰਜ਼ਾ ਲਿਆ ਗਿਆ। ਕੰਪਨੀ ਦੀ ਸਾਂਬਾ ਦੇ ਉਦਯੋਗਿਕ ਖੇਤਰ ਵਿਚ ਵੀ ਇਕ ਯੂਨਿਟ ਹੈ। ਬੈਂਕ ਦਾ ਦੋਸ਼ ਸੀ ਕਿ ਇਹ ਧੋਖਾਧੜੀ ਐਸਬੀਆਈ ਦੇ ਅਣਪਛਾਤੇ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਕੀਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਕਰੀਬ 121.13 ਕਰੋੜ ਰੁਪਏ ਦੇ ਵਿਆਜ ਸਮੇਤ 87.88 ਕਰੋੜ ਰੁਪਏ ਦਾ ਕਰਜ਼ਾ ਲਿਆ ਗਿਆ ਹੈ।