
ਭਗਵੰਤ ਮਾਨ ਅਮਨ ਕਾਨੂੰਨ ਨੂੰ ਲੈ ਕੇ ਹੋਏ ਸਖ਼ਤ
ਪੁਲਿਸ ਅਫ਼ਸਰਾਂ ਨਾਲ ਉਚ ਪਧਰੀ ਮੀਟਿੰਗ ਵਿਚ ਕਿਹਾ, ਕੋਟਕਪੂਰਾ ਦੀ ਘਟਨਾ ਦੇ ਦੋਸ਼ੀ ਛੇਤੀ ਤੋਂ ਛੇਤੀ ਕਾਬੂ ਕਰੋ
ਚੰਡੀਗੜ੍ਹ, 10 ਨਵੰਬਰ (ਗੁਰਉਪਦੇਸ਼ ਭੁੱਲਰ): ਹਾਲੇ ਸ਼ਿਵ ਸੈਨਾ ਆਗੂ ਸੁਧੀਰ ਸੂਰੀ ਦੇ ਪੁਲਿਸ ਦੀ ਮੌਜੂਦਗੀ ਵਿਚ ਦਿਨ ਦਿਹਾੜੇ ਕਤਲ ਤੋਂ ਬਾਅਦ ਅੱਜ ਦਿਨ ਚੜ੍ਹਦੇ ਹੀ ਕੋਟਕਪੂਰਾ ਦੇ ਬਾਜ਼ਾਰ ਵਿਚ ਪੁਲਿਸ ਗਾਰਡ ਦੀ ਮੌਜੂਦਗੀ ਵਿਚ ਪੰਜ ਹਥਿਆਰਬੰਦ ਨੌਜਵਾਨਾਂ ਵਲੋਂ ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਪ੍ਰੇਮੀ ਪ੍ਰਦੀਪ ਨੂੰ ਕਤਲ ਕਰ ਦੇਣ ਦੀ ਘਟਨਾ ਦਾ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਵਾਰ ਸਖ਼ਤ ਨੋਟਿਸ ਲਿਆ ਹੈ | ਪਿਛਲੇ ਕੁੱਝ ਹੀ ਦਿਨਾਂ ਵਿਚ ਕਈ ਘਟਨਾਵਾਂ ਕਾਰਨ ਅਮਨ ਕਾਨੂੰਨ ਦੀ ਸਥਿਤੀ ਹੱਥੋਂ ਨਿਕਲਣ ਦੇ ਖ਼ਤਰੇ ਨੂੰ ਭਾਂਪਦਿਆਂ ਮੁੱਖ ਮੰਤਰੀ ਨੇ ਸਖ਼ਤ ਰੁਖ਼ ਅਪਨਾਉਂਦਿਆਂ ਅੱਜ ਸੂਬੇ ਦੇ ਉਚ ਪੁਲਿਸ ਅਫ਼ਸਰਾਂ ਨਾਲ ਮੀਟਿੰਗ ਕਰ ਕੇ ਹੋ ਰਹੀਆਂ ਘਟਨਾਵਾਂ ਬਾਰੇ ਅਪਣੀ ਚਿੰਤਾ ਪ੍ਰਗਟ ਕੀਤੀ ਹੈ |
ਉਨ੍ਹਾਂ ਪੁਲਿਸ ਅਫ਼ਸਰਾਂ ਤੇ ਅਮਨ ਕਾਨੂੰਨ ਨਾਲ ਹੋਰ ਸਬੰਧਤ ਅਧਿਕਾਰੀਆਂ ਨਾਲ ਸਾਰੀ ਸਥਿਤੀ ਦੀ ਸਮੀਖਿਆ ਕਰਦਿਆਂ ਪੂਰੀ ਜਾਣਕਾਰੀ ਤੇ ਹੋ ਰਹੀ ਕਾਰਵਾਈ ਦੀ ਜਾਣਕਾਰੀ ਹਾਸਲ ਕੀਤੀ ਹੈ | ਇਸ ਮੀਟਿੰਗ ਤੋਂ ਪਹਿਲਾਂ ਭਗਵੰਤ ਮਾਨ ਨੇ ਡੇਰਾ ਪ੍ਰੇਮੀ ਦੇ ਕਤਲ ਦੀ ਘਟਨਾ ਬਾਅਦ ਟਵੀਟ ਰਾਹੀਂ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਕਿਸੇ ਨੂੰ ਵੀ ਪੰਜਾਬ ਦੀ ਸ਼ਾਂਤੀ ਭੰਗ ਕਰਨ ਦੀ ਆਗਿਆ ਨਹੀਂ ਦਿਤੀ ਜਾਵੇਗੀ | ਉਨ੍ਹਾਂ ਕਿਹਾ ਕਿ ਪੰਜਾਬ ਇਕ ਅਮਨ ਪਸੰਦ ਸੂਬਾ ਹੈ ਅਤੇ ਇਥੋਂ ਦੇ ਲੋਕਾਂ
ਦਾ ਆਪਸੀ ਭਾਈਚਾਰਾ
ਬਹੁਤ ਮਜ਼ਬੂਤ ਹੈ | ਮੁੱਖ ਮੰਤਰੀ ਨੇ ਅੱਜ ਮੀਟਿੰਗ ਵਿਚ ਪੁਲਿਸ ਅਧਿਕਾਰੀਆਂ ਨੂੰ ਸਪੱਸ਼ਟ ਕਿਹਾ ਕਿ ਕੋਟਕਪੂਰਾ ਵਿਚ ਹੋਈ ਘਟਨਾ ਦੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਕਾਬੂ ਕੀਤਾ ਜਾਵੇ |
ਉਨ੍ਹਾਂ ਪੰਜਾਬ ਗੈਂਗਸਟਰਾਂ ਤੇ ਅਤਿਵਾਦੀ ਅਨਸਰਾਂ ਕੋਲ ਆ ਰਹੇ ਵੱਡੀ ਗਿਣਤੀ ਵਿਚ ਹਥਿਆਰਾਂ ਬਾਰੇ ਵੀ ਚਿੰਤਾ ਪ੍ਰਗਟ ਕੀਤੀ ਅਤੇ ਸੂਬੇ ਦੇ ਸਾਰੇ ਹਥਿਆਰਾਂ ਦੀ ਸਮੀਖਿਆ ਕਰਨ ਦੇ ਵੀ ਹੁਕਮ ਦਿਤੇ ਹਨ | ਇਸ ਮੀਟਿੰਗ ਵਿਚ ਸ਼ਾਮਲ ਸੂਬੇ ਦੇ ਵਿਸ਼ੇਸ਼ ਡੀ.ਜੀ.ਪੀ. ਸੰਜੀਵ ਕਾਲੜਾ ਨੇ ਬਾਅਦ ਵਿਚ ਦਸਿਆ ਕਿ ਮੁੱਖ ਮੰਤਰੀ ਨੂੰ ਕੋਟਕਪੂਰਾ ਦੀ ਸਾਰੀ ਘਟਨਾ ਦੀ ਪੂਰੀ ਜਾਣਕਾਰੀ ਦਿਤੀ ਗਈ ਹੈ ਅਤੇ ਜਾਂਚ ਤੇ ਦੋਸ਼ੀਆਂ ਦੀ ਭਾਲ ਲਈ ਕਾਰਵਾਈ ਲਗਾਤਾਰ ਜਾਰੀ ਹੈ | ਉਨ੍ਹਾਂ ਦਸਿਆ ਕਿ ਮੁੱਖ ਮੰਤਰੀ ਵਲੋਂ ਸਖ਼ਤ ਹਦਾਇਤਾਂ ਦਿੰਦੇ ਹੋਏ ਸੂਬੇ ਵਿਚ ਨਾਕੇ ਮਜ਼ਬੂਤ ਕਰਨ ਲਈ ਵੀ ਕਿਹਾ ਹੈ | ਉਨ੍ਹਾਂ ਸਪੱਸ਼ਟ ਕਿਹਾ ਕਿ ਦੋਸ਼ੀ ਕਿਸੇ ਵੀ ਧਰਮ ਦਾ ਹੋਵੇ ਬਿਨਾਂ ਪੱਖਪਾਤ ਕਾਰਵਾਈ ਕੀਤੀ ਜਾਵੇਗੀ ਅਤੇ ਕਰਾਇਮ ਨੂੰ ਕਰਾਇਮ ਵਾਂਗ ਸਮਝ ਕੇ ਕਾਰਵਾਈ ਕੀਤੀ ਜਾਵੇ, ਭਾਵੇਂ ਕਤਲ ਕਿਸੇ ਵੀ ਕਾਰਨ ਹੋਇਆ ਹੋਵੇ | ਉਨ੍ਹਾਂ ਇਹ ਵੀ ਹਦਾਇਤ ਵੀ ਦਿਤੀ ਕਿ ਵੱਖ ਵੱਖ ਧਰਮਾਂ ਦੀ ਏਕਤਾ ਕਿਸੇ ਵੀ ਹਾਲਤ ਵਿਚ ਕਿਸੇ ਨੂੰ ਵੀ ਤੋੜਨ ਦੀ ਆਗਿਆ ਨਹੀਂ ਦਿਤੀ ਜਾਵੇ |