
ਸੰਸਦ ਮੈਂਬਰ ਔਜਲਾ ਜੁਲਾਈ ਵਿਚ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੂੰ ਮਿਲੇ ਸਨ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ): ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਮੰਗ ਕੀਤੀ ਹੈ ਕਿ ਅੰਮ੍ਰਿਤਸਰ ਤੋਂ ਸ੍ਰੀ ਨਾਂਦੇੜ ਸਾਹਿਬ ਫ਼ਲਾਈਟ ਦਾ ਕਿਰਾਇਆ ਸਸਤਾ ਰਖਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਜਲਦੀ ਹੀ ਉਡਾਣਾਂ ਸ਼ੁਰੂ ਹੋ ਜਾਣ ਤਾਂ ਉਹ ਬਹੁਤ ਧਨਵਾਦੀ ਹੋਣਗੇ। ਔਜਲਾ ਨੇ ਕਿਹਾ ਕਿ ਉਹ ਇਸ ਲਈ ਲੰਬੇ ਸਮੇਂ ਤੋਂ ਕੋਸ਼ਿਸ਼ ਕਰ ਰਹੇ ਸਨ ਅਤੇ ਉਨ੍ਹਾਂ ਨੂੰ ਖ਼ੁਸ਼ੀ ਹੈ ਕਿ ਲੋਕਾਂ ਲਈ ਜੋ ਮੁਸ਼ਕਲ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮਹਿਸੂਸ ਕੀਤੀ ਹੈ, ਉਸ ਨੂੰ ਉਹ ਕਈ ਸਾਲਾਂ ਤੋਂ ਮਹਿਸੂਸ ਕਰ ਰਹੇ ਹਨ।
ਸੰਸਦ ਮੈਂਬਰ ਔਜਲਾ ਜੁਲਾਈ ਵਿਚ ਹਵਾਬਾਜ਼ੀ ਮੰਤਰੀ ਕਿੰਜਰਾਪੂ ਰਾਮ ਮੋਹਨ ਨਾਇਡੂ ਨੂੰ ਮਿਲੇ ਸਨ ਅਤੇ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਸ੍ਰੀ ਨਾਂਦੇੜ ਸਾਹਿਬ ਦੀ ਉਡਾਣ ਸ਼ੁਰੂ ਕਰਨ ਦੀ ਬੇਨਤੀ ਕੀਤੀ ਸੀ। ਉਸ ਤੋਂ ਬਾਅਦ ਲੋਕ ਸਭਾ ਵਿਚ ਵੀ ਇਸ ਮਾਮਲੇ ਨੂੰ ਲੈ ਕੇ ਆਵਾਜ਼ ਉਠਾਈ ਗਈ ਸੀ ਅਤੇ ਇਹ ਮੰਗ ਲਗਾਤਾਰ ਰੱਖੀ ਗਈ ਸੀ। ਔਜਲਾ ਨੇ ਕਿਹਾ ਕਿ ਅੰਮ੍ਰਿਤਸਰ ਤੋਂ ਸ੍ਰੀ ਨਾਂਦੇੜ ਸਾਹਿਬ ਜਾਣ ਵਾਲੀ ਫ਼ਲਾਈਟ ਬਹੁਤ ਮਸ਼ਹੂਰ ਹੈ ਅਤੇ ਜਦੋਂ ਇਹ ਪਹਿਲਾਂ ਚਲਦੀ ਸੀ ਤਾਂ ਫ਼ਲਾਈਟ ਹਮੇਸ਼ਾ ਭਰੀ ਰਹਿੰਦੀ ਸੀ। ਇਸ ਤੋਂ ਬਾਅਦ ਇਸ ਨੂੰ ਬੰਦ ਕਰ ਦਿਤਾ ਗਿਆ ਪਰ ਉਨ੍ਹਾਂ ਨੇ ਹਮੇਸ਼ਾ ਲੋਕਾਂ ਦੇ ਹੱਕਾਂ ਲਈ ਆਵਾਜ਼ ਉਠਾਈ ਅਤੇ ਕਈ ਵਾਰ ਹਵਾਬਾਜ਼ੀ ਮੰਤਰਾਲੇ ਨੂੰ ਪੱਤਰ ਵੀ ਲਿਖੇ। ਇਹ ਤਿੰਨ ਮਹੀਨਿਆਂ ਲਈ ਦੁਬਾਰਾ ਚਲਾਈ ਗਈ ਸੀ ਪਰ 2022 ਵਿਚ ਦੁਬਾਰਾ ਬੰਦ ਕਰ ਦਿਤੀ ਗਿਆ ਸੀ ਜਿਸ ਤੋਂ ਬਾਅਦ ਲਗਾਤਾਰ ਇਸ ਨੂੰ ਚਲਾਉਣ ਦੀ ਮੰਗ ਉਠ ਰਹੀ ਹੈ। ਇਹ ਉਡਾਣ ਸ਼ਰਧਾਲੂਆਂ ਲਈ ਕਿਸੇ ਤੋਹਫ਼ੇ ਤੋਂ ਘੱਟ ਨਹੀਂ ਹੈ।
ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂ ਸ੍ਰੀ ਨਾਂਦੇੜ ਸਾਹਿਬ ਦੇ ਦਰਸ਼ਨਾਂ ਲਈ ਜਾਣਾ ਚਾਹੁੰਦੇ ਸਨ ਪਰ ਉਡਾਣਾਂ ਬੰਦ ਹੋਣ ਕਾਰਨ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪਿਆ। ਸੰਸਦ ਮੈਂਬਰ ਔਜਲਾ ਨੇ ਮੰਗ ਕੀਤੀ ਹੈ ਕਿ ਕਿਰਾਇਆ ਘੱਟ ਰਖਿਆ ਜਾਵੇ ਤਾਂ ਜੋ ਸਮੂਹ ਸੰਗਤਾਂ ਇਸ ਦਾ ਲਾਭ ਲੈ ਸਕਣ। ਇਸ ਨਾਲ ਹੀ ਜੇਕਰ ਇਸ ਨੂੰ ਹੁਣੇ ਤੋਂ ਸ਼ੁਰੂ ਕਰ ਦਿਤਾ ਜਾਂਦਾ ਹੈ ਤਾਂ ਇਸ ਨੂੰ ਬੰਦ ਨਾ ਕੀਤਾ ਜਾਵੇ ਤਾਕਿ ਨਾ ਸਿਰਫ਼ ਸ੍ਰੀ ਨਾਂਦੇੜ ਸਾਹਿਬ ਦੇ ਦਰਸ਼ਨਾਂ ਦੀ ਗਿਣਤੀ ਵਧੇਗੀ ਸਗੋਂ ਅੰਮ੍ਰਿਤਸਰ ਵਿਖੇ ਸੈਲਾਨੀਆਂ ਦੀ । ਔਜਲਾ ਵਲੋਂ ਪਹਿਲੀ ਵਾਰ ਫ਼ਲਾਈਟ ਸ਼ੁਰੂ ਹੋਣ ’ਤੇ ਲੋਕਾਂ ਨੂੰ ਅਪੀਲ ਕੀਤੀ ਗਈ ਸੀ ਕਿ ਵੱਧ ਤੋਂ ਵੱਧ ਯਾਤਰੀ ਇਸ ਫ਼ਲਾਈਟ ’ਚ ਸਵਾਰ ਹੋ ਕੇ ਸ੍ਰੀ ਨਾਂਦੇੜ ਸਾਹਿਬ ਦੇ ਦਰਸ਼ਨ ਕਰਨ। ਇਸ ਵਾਰ ਵੀ ਉਨ੍ਹਾਂ ਅਪੀਲ ਕੀਤੀ ਹੈ ਕਿ ਜੇਕਰ ਫ਼ਲਾਈਟ ਸ਼ੁਰੂ ਹੁੰਦੀ ਹੈ ਤਾਂ ਇਸ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ ਤਾਂ ਜੋ ਕੰਪਨੀ ਇਸ ਨੂੰ ਚਾਲੂ ਰੱਖਣ ਲਈ ਮਜਬੂਰ ਰਹੇ।