
ਸਿੱਖ ਕੌਮ ਨਾਲ ਖ਼ਾਸ ਸਾਂਝ ਦਾ ਕਿਤਾਬਚਾ ਜਾਰੀ
ੰਚੰਡੀਗੜ੍ਹ, 10 ਦਸੰਬਰ (ਜੀ.ਸੀ.ਭਾਰਦਵਾਜ) : ਪਿਛਲੇ ਹਫ਼ਤੇ ਸੋਮਵਾਰ ਨੂੰ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਦਿਹਾੜੇ ਮੌਕੇ ਡੇਰਾ ਬਾਬਾ ਨਾਨਕ ਵਿਚ ਇਕ ਧਾਰਮਕ ਸਮਾਗਮ ਤੇ ਦੇਸ਼ ਦੀਆਂ ਵੱਖ ਵੱਖ ਬਰਾਦਰੀਆਂ ਸਿੱਖ ਮੁਸਲਿਮ, ਇਸਾਈ, ਹਿੰਦੂਆਂ ਆਦਿ ਵਿਚ ਵੰਡੀਆਂ ਪਾਉਣ ਦਾ ਦੋਸ਼ ਕੇਂਦਰ ਸਰਕਾਰ ਅਤੇ ਇਸ ਦੇ ਨੇਤਾਵਾਂ 'ਤੇ ਮੜ ਰਹੇ ਸਨ, ਤਾਂ ਇਸੇ ਸ਼ੁਭ ਦਿਹਾੜੇ, ਗੁਰੂ ਨਾਨਕ ਪ੍ਰਕਾਸ਼ ਉਤਸਵ 'ਤੇ ਨਵੀਂ ਦਿੱਲੀ ਵਿਚ ਕੇਂਦਰੀ ਮੰਤਰੀ ਸ. ਹਰਦੀਪ ਸਿੰਘ ਪੁਰੀ ਤੇ ਪ੍ਰਕਾਸ਼ ਜਾਵੜੇਕਰ ਨੇ 44 ਸਫ਼ਿਆਂ ਦਾ ਇਕ ਕਿਤਾਬਚਾ ਰਿਲੀਜ਼ ਕੀਤਾ ਜਿਸ ਵਿਚ 29 ਫ਼ੋਟੋਆਂ ਸਹਿਤ, 13 ਅਧਿਆਇ ਵਾਲੀਆਂ ਅਨੇਕਾਂ ਪ੍ਰਾਪਤੀਆਂ ਨੂੰ ਸਿੱਖ ਕੌਮ ਨਾਲ ਵਿਸ਼ੇਸ਼ ਸਾਂਝ ਨੂੰ ਦਰਸਾਇਆ ਗਿਆ ਹੈ।
ਪਗੜੀਧਾਰੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸ਼੍ਰੋਮਣੀ ਕਮੇਟੀ ਦੇ ਉਸ ਸਮੇਂ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋਂ ਸਿੱਖ ਕੌਮ ਲਈ ਕੀਤੀ ਸੇਵਾ ਲਈ, ਕੌਮੀ ਸੇਵਾ ਐਵਾਰਡ ਪ੍ਰਾਪਤ ਕਰ ਰਹੇ ਹਨ ਅਤੇ ਕਵਰ 'ਤੇ ਲੱਗੀ ਇਹ ਫ਼ੋਟੋ ਤੋਂ ਬਾਅਦ ਕਿਤਾਬਚੇ ਅੰਦਰ 2014 ਵਿਚ ਪ੍ਰਧਾਨ ਮੰਤਰੀ ਬਣਨ ਉਪਰੰਤ ਕੇਂਦਰ ਸਰਕਾਰ ਵਲੋਂ ਸਿੱਖ ਕੌਮ, ਸਿੱਖ ਪੰਥ, ਸਿੱਖ ਸੰਸਥਾਵਾਂ ਅਤੇ ਵਿਸ਼ੇਸ਼ ਕਰ ਕੇ ਕਰਤਾਰਪੁਰ ਸਾਹਿਬ (ਪਾਕਿਸਤਾਨ) ਗੁਰਦਵਾਰੇ ਲਈ ਬਣਾਏ ਲਾਂਘੇ ਸਬੰਧੀ ਪਾਏ ਯੋਗਦਾਨ ਦਾ ਵਰਣਨ ਵਿਸਥਾਰ ਪੂਰਵਕ ਕੀਤਾ ਗਿਆ ਹੈ। ਪੰਜਾਬੀ, ਹਿੰਦੀ, ਅੰਗਰੇਜ਼ੀ ਵਿਚ ਕੇਂਦਰ ਦੇ ਸੂਚਨਾ ਪ੍ਰਸਾਰਣ ਮੰਤਰਾਲੇ ਵਲੋਂ ਛਾਪੇ ਇਸ ਛੋਟੇ ਕਿਤਾਬਚੇ ਵਿਚ ਸਿਆਸੀ, ਪ੍ਰਸ਼ਾਸਨਿਕ ਦਲੇਰੀ ਵਾਲੇ ਪ੍ਰਧਾਨ ਮੰਤਰੀ ਨੂੰ ਸਿੱਖੀ ਨਾਲ ਡੂੰਘੇ ਪ੍ਰੇਮ ਸਾਂਝ ਅਤੇ ਗੁਰੂ ਚਰਨਾਂ ਪ੍ਰਤੀ ਅਥਾਹ ਪ੍ਰੇਮ ਅਤੇ ਸ਼ਰਧਾ ਦੀ ਮਿਸਾਲ ਆਖਿਆ ਗਿਆ ਹੈ। ਪਹਿਲੇ 4 ਸਫ਼ਿਆਂ ਵਿਚ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਆਰੰਭੇ ਗਏ ਪ੍ਰਾਜੈਕਟਾਂ ਦਾ ਵਰਣਨ ਹੈ, ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਪਵਿੱਤਰ ਸਮਾਗਮ ਦਾ ਵੇਰਵਾ ਹੈ ਅਤੇ 1984 ਦੇ ਸਿੱਖ ਕਤਲੇਆਮ ਵੇਲੇ ਪੀੜਤਾਂ ਨੂੰ 35 ਸਾਲਾਂ ਬਾਅਦ ਦਬੇ ਕੇਸ ਕੱਢ ਕੇ ਇਨਸਾਫ਼ ਦਿਵਾਉਣ ਦੀ ਕਹਾਣੀ ਤੇ ਗਾਥਾ ਲਿਖੀ ਹੈ। ਦਸਮ ਪਾਤਸ਼ਾਹ ਦੇ ਗੁਰਪੁਰਬ ਮੌਕੇ ਪ੍ਰਧਾਨ ਮੰਤਰੀ ਵਲੋਂ 350 ਰੁਪਏ ਦਾ ਸਿੱਕਾ ਜਾਰੀ ਕਰਨਾ, ਨਾਗਰਿਕਤਾ ਸੋਧ ਐਕਟ ਸੀ.ਏ.ਏ. ਤਹਿਤ ਅਫ਼ਗਾਨਿਸਤਾਨ, ਪਾਕਿਸਤਾਨ ਤੇ ਹੋਰ ਦੇਸ਼ਾਂ ਤੋਂ ਵਿਸਥਾਪਤ ਸਿੱਖਾਂ ਨੂੰ ਨਾਗਰਿਕਤਾ ਦਾ ਅਧਿਕਾਰ ਦੇਣਾ, ਦਰਬਾਰ ਸਾਹਿਬ ਲਈ, ਲੰਗਰ ਵਾਸਤੇ ਵਿਦੇਸ਼ੀ ਦਾਨ ਲੈਣ ਦਾ ਅਧਿਕਾਰ, ਕੇਂਦਰ ਸਰਕਾਰ ਵਲੋਂ ਦਿਵਾਉਣਾ, ਇਕ ਕਰੋੜ ਤਕ ਦੀ ਟੈਕਸ ਮਾਫ਼ੀ ਦੇਣਾ ਅਤੇ ਸੇਵਾ ਭੋਜ ਯੋਜਨਾ ਤਹਿਤ ਹੋਰ ਟੈਕਸ ਛੋਟਾਂ ਪਹਿਲੀ ਵਾਰ ਦੇਣ ਦਾ ਵਰਣਨ ਵੀ ਇਸ ਪਰਚੇ ਵਿਚ ਦਰਜ ਹੈ। ਅਮਰੀਕਾ, ਇੰਗਲੈਂਡ, ਕੈਨੇਡਾ ਅਤੇ ਹੋਰ ਦੇਸ਼ਾਂ ਵਿਚ ਰਹਿੰਦੇ ਨਾਗਰਿਕ ਸਿੱਖਾਂ ਨੂੰ 333 ਸਿੱਖ ਕਾਲੀ ਸੂਚੀ ਵਿਚ ਪਾਇਆ ਗਿਆ ਸੀ, ਮੋਦੀ ਸਰਕਾਰ ਨੇ ਕੇਵਲ 2 ਨੂੰ ਛੱਡ ਕੇ ਬਾਕੀ 331 ਨੂੰ ਬਿਨਾਂ ਰੋਕ ਟੋਕ ਅਪਣੇ ਮੁਲਕ ਵਿਚ ਆਉਣ ਦੀ ਇਜਾਜ਼ਤ ਦਿਤੀ ਹੈ ਜਿਸ ਦਾ ਖ਼ਾਸ ਵਰਣਨ ਇਸ ਕਿਤਾਬਚੇ ਦੇ 8ਵੇਂ ਚੈਪਟਰ ਵਿਚ ਹੈ। ਪਿਛਲੇ ਹਫ਼ਤੇ ਜਾਰੀ ਕਿਤਾਬਚੇ ਦੇ 13ਵੇਂ ਅਧਿਆਇ ਵਿਚ ਇਹ ਵੀ ਵਿਸ਼ੇਸ਼ ਲਿਖਿਆ ਹੈ ਕਿ ਨੌਜਵਾਨ ਸਿੱਖ ਵਿਦਿਆਰਥੀਆਂ ਲੜਕੇ ਲੜਕੀਆਂ ਨੂੰ ਮਿਲਦੇ ਵਿਸ਼ੇਸ਼ ਵਜ਼ੀਫ਼ਿਆਂ ਨੂੰ 18 ਲੱਖ ਤੋਂ ਵਧਾ ਕੇ ਮੋਦੀ ਸਰਕਾਰ ਮੌਕੇ 31 ਲੱਖ ਵਿਦਿਆਰਥੀਆਂ ਤਕ ਪਹੁੰਾ ਦਿਤਾ ਹੈ। ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਕਰਦੇ ਉਨ੍ਹਾਂ ਸਿੱਖ ਵੋਟਰਾਂ ਦੀ ਸੂਚੀ ਤੇ ਲੀਕ ਮਾਰਨ ਦਾ ਫ਼ੈਸਲਾ 2016 ਵਿਚ ਇਸੇ ਮੋਦੀ ਸਰਕਾਰ ਵਲੋਂ ਲਿਆ ਗਿਆ ਸੀ ਜਿਸ ਦਾ ਵਰਣਨ ਇਸ ਰੰਗੀਨ ਕਿਤਾਬਚੇ ਵਿਚ ਹੈ ਅਤੇ ਕਈ ਉਨ੍ਹਾਂ ਫ਼ੋਟੋਆਂ ਅਤੇ ਮੁਲਾਕਾਤਾਂ ਦਾ ਵੀ ਵੇਰਵਾ ਹੈ ਜੋ ਵਿਦੇਸ਼ਾਂ ਵਿਚ ਪ੍ਰਧਾਨ ਮੰਤਰੀ ਦੇ ਦੌਰੇ ਦੌਰਾਨ ਸਿੱਖ ਨੇਤਾਵਾਂ, ਸਿੱਖ ਸੰਸਥਾਵਾਂ, ਸਿੱਖ ਉਦਯੋਗਪਤੀਆਂ ਅਤੇ ਵਿਸ਼ੇਸ਼ ਕੂਟਨੀਤਕ ਉਘੇ ਸਿੱਖ ਵਿਅਕਤੀਆਂ ਨਾਲ ਕੀਤੀਆਂ ਗਈਆਂ। ਇਸ ਵਿਲੱਖਣ ਚਿੱਤਰਾਂ ਵਾਲੇ ਕਿਤਾਬਚੇ ਦੇ 6ਵੇਂ ਚੈਪਟਨ ਵਿਚ ਇਹ ਵੀ ਦਸਿਆ ਗਿਆ ਹੈ ਕਿ ਕਈ ਭਾਸ਼ਾਵਾਂ ਵਿਚ ਗੁਰੂ ਨਾਨਕ ਦੀ ਬਾਣੀ ਦਾ ਤਰਜਮਾ ਤੇ ਅਰਥ ਕੱਢ ਕੇ ਕੇਂਦਰ ਸਰਕਾਰ ਪ੍ਰਚਾਰ ਕਰ ਰਹੀ ਹੈ ਅਤੇ ਮੋਦੀ ਸਰਕਾਰ ਦੀ ਬੇਨਤੀ 'ਤੇ ਇਸ ਗੁਰਬਾਣੀ ਨੂੰ ਵਿਦੇਸ਼ੀ ਭਾਸ਼ਾਵਾਂ ਵਿਚ ਪ੍ਰਕਾਸ਼ਤ ਕਰਨ ਦਾ ਉਚੇਚੇ ਕਦਮ, ਯੂਨੈਸਕੋ ਉਠਾ ਰਹੀ ਹੈ। ਕੇਂਦਰੀ ਸਰਕਾਰ ਦੇ ਉਚੇ ਅਹੁਦੇ 'ਤੇ ਬੈਠੇ ਇਕ ਸਰਕਾਰੀ ਅਧਿਕਾਰੀ ਨੇ ਰੋਜ਼ਾਨਾ ਸਪੋਕਸਮੈਨ ਨੂੰ ਦਸਿਆ ਕਿ ਸਿੱਖ ਕੌਮ ਅਤੇ ਪੰਜਾਬ ਤੇ ਪੰਜਾਬੀਆਂ ਲਈ ਕੇਂਦਰ ਵਲੋਂ ਜਾ ਰਹੇ ਭਲਾਈ ਵਾਲੇ ਫ਼ੈਸਲੇ ਲਗਾਤਾਰ ਜਾਰੀ ਹਨ ਅਤੇ ਅਗਲਾ ਕਿਤਾਬਚਾ ਕਿਸਾਨਾਂ ਵਿਸ਼ੇਸ਼ ਕਰ ਕੇ ਪੰਜਾਬ ਵਾਸਤੇ ਲਏ ਫ਼ੈਸਲਿਆਂ ਵਾਲਾ ਛੇਤੀ ਛਾਪਿਆ ਜਾ ਰਿਹਾ ਹੈ।
ਫ਼ੋਟੋ: ਨਾਲ ਨੱਥੀ ਹੈ