
ਸਹਿਕਾਰਤਾ ਮੰਤਰੀ ਰੰਧਾਵਾ ਨੇ ਮਿਲਕਫੈੱਡ ਦੇ 11 ਸਹਾਇਕ ਮੈਨੇਜਰਾਂ ਨੂੰ ਨਿਯੁਕਤੀ ਪੱਤਰ ਸੌਂਪੇ
ਚੰਡੀਗੜ੍ਹ, 10 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸਹਿਕਾਰਤਾ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ 11 ਨੌਜਵਾਨ ਉਮੀਦਵਾਰਾਂ ਨੂੰ ਮਿਲਕਫੈੱਡ ਵਲੋਂ ਉਤਪਾਦਨ, ਗੁਣਵੱਤਾ ਯਕੀਨੀ ਬਣਾਉਣ ਅਤੇ ਖ਼ਰੀਦ ਦੇ ਖੇਤਰ ਨਾਲ ਸਬੰਧਤ ਸਹਾਇਕ ਮੈਨੇਜਰਾਂ ਦੀਆਂ ਅਸਾਮੀਆਂ ਲਈ ਨਿਯੁਕਤੀ ਪੱਤਰ ਦਿਤੇ। ਇਸੇ ਦੌਰਾਨ ਸ. ਰੰਧਾਵਾ ਨੇ ਵੇਰਕਾ ਦੀਆਂ ਚਾਰ ਕਿਸਮਾਂ ਦੀ 'ਨੈਚੂਰਲ ਫ਼ਰੂਟ ਆਈਸ ਕਰੀਮ' ਵੀ ਲਾਂਚ ਕੀਤੀ।
ਇਥੇ ਸੈਕਟਰ-34 ਸਥਿਤ ਮਿਲਕਫੈੱਡ ਦੇ ਮੁੱਖ ਦਫ਼ਤਰ ਵਿਖੇ ਹੋਏ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਕੈਂਪਸ ਇੰਟਰਵਿਊ ਰਾਹੀਂ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਯੂਨੀਵਰਸਟਿਜ਼ ਲੁਧਿਆਣਾ ਤੋਂ 11 ਨੌਜਵਾਨ ਭਰਤੀ ਕੀਤੇ ਗਏ ਹਨ। ਇਹ ਅਧਿਕਾਰੀ ਦੋ ਸਾਲ ਟਰੇਨੀ ਵਜੋਂ ਸੇਵਾਵਾਂ ਦੇਣਗੇ ਅਤੇ ਟਰੇਨਿੰਗ ਦਾ ਸਮਾਂ ਪੂਰਾ ਹੋਣ ਦੇ ਬਾਅਦ ਇਨ੍ਹਾਂ ਅਧਿਕਾਰੀਆਂ ਨੂੰ ਸਹਾਇਕ ਮੈਨੇਜਰ ਵਜੋਂ ਨਿਯੁਕਤ ਕੀਤਾ ਜਾਵੇਗਾ। ਸਹਿਕਾਰਤਾ ਮੰਤਰੀ ਨੇ ਦਸਿਆ ਕਿ ਪਿਛਲੇ ਦੋ ਸਾਲਾਂ ਦੌਰਾਨ ਡਿਪਟੀ ਮੈਨੇਜਰ, ਸਹਾਇਕ ਮੈਨੇਜਰ ਤੇ ਸੀਨੀਅਰ ਐਗਜ਼ੀਕਿਊਟਵ ਦੀਆਂ 125 ਅਸਾਮੀਆਂ ਉਤੇ ਭਰਤੀ ਕੀਤੀ ਗਈ ਹੈ। ਇਸ ਤੋਂ ਇਲਾਵਾ 540 ਤਕਨੀਕੀ ਪੋਸਟਾਂ ਦੀ ਭਰਤੀ ਦਾ ਅਮਲ ਚੱਲ ਰਿਹਾ ਹੈ। ਸਹਿਕਾਰਤਾ ਮੰਤਰੀ ਨੇ ਅੱਗੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਸਮੇਂ ਲੋਕਾਂ ਨੂੰ ਕੁਦਰਤੀ ਅਸਲ ਫ਼ਲਾਂ ਨਾਲ ਬਣੀ ਆਈਸ ਕਰੀਮ ਮੁਹਈਆ ਕਰਨ ਲਈ ਵੇਰਕਾ ਦੀ ਚਾਰ ਕਿਸਮਾਂ ਦੀ 'ਨੈਚੁਰਲ ਫਰੂਟ ਆਈਸ ਕਰੀਮ' ਲਾਂਚ ਕੀਤੀ ਗਈ ਹੈ। ਸ. ਰੰਧਾਵਾ ਨੇ ਅੱਗੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਜਿੱਥੇ ਪੂਰਾ ਦੇਸ਼ ਮੰਦੀ ਦੀ ਮਾਰ ਝੱਲ ਰਿਹਾ ਹੈ ਤਾਂ ਸੂਬੇ ਦੀ ਅਗਾਂਹਵਧੂ ਸਹਿਕਾਰੀ ਸੰਸਥਾ ਮਿਲਕਫੈੱਡ ਨੇ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਦਿਆਂ ਨਵੀਆਂ ਸਿਖਰਾਂ ਨੂੰ ਛੂਹਿਆ ਅਤੇ ਆਪਣੀ ਸਮਰੱਥਾ ਨੂੰ ਵਧਾਉਂਦਿਆਂ ਨਵੇਂ ਪ੍ਰਾਜੈਕਟਾਂ ਨੂੰ ਨੇਪਰੇ ਵੀ ਚਾੜ੍ਹਿਆ ਜਾ ਰਿਹਾ ਹੈ।image