
ਇਜ਼ਰਾਈਲ ਵਿਚ 27 ਦਸੰਬਰ ਤੋਂ ਲੱਗਣਗੇ ਕੋਰੋਨਾ ਟੀਕੇ : ਨੇਤਨਯਾਹੂ
ਯੇਰੂਸ਼ਲਮ, 10 ਦਸੰਬਰ : ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਐਲਾਨ ਕੀਤਾ ਹੈ ਕਿ ਉਨ੍ਹਾਂ ਦੇ ਦੇਸ਼ ਵਿਚ ਲੋਕਾਂ ਨੂੰ ਕੋਰੋਨਾ ਵਾਇਰਸ ਟੀਕੇ ਤੋਂ ਬਚਾਅ ਲਈ ਟੀਕਾ ਲਗਾਉਣ ਦਾ ਕੰਮ 27 ਦਸੰਬਰ ਤੋਂ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਹੀ ਇਜ਼ਰਾਈਲ ਅਪਣੇ ਨਾਗਰਿਕਾਂ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਵਾਲੇ ਦੁਨੀਆ ਦੇ ਸ਼ੁਰੂਆਤੀ ਦੇਸ਼ਾਂ ਵਿਚ ਗਿਣਿਆ ਜਾਵੇਗਾ।
ਨੇਤਨਯਾਹੂ ਦਾ ਇਹ ਬਿਆਨ ਤਦ ਆਇਆ ਹੈ ਜਦ ਸੰਯੁਕਤ ਅਰਬ ਅਮੀਰਾਤ ਨੇ ਬੁਧਵਾਰ ਨੂੰ ਕਿਹਾ ਕਿ ਕੋਰੋਨਾ ਵਾਇਰਸ ਤੋਂ ਰੋਕਥਾਮ ਲਈ ਚੀਨ ਦੇ ਟੀਕੇ ਦਾ ਸ਼ੇਖਡੋਮ ਮਹਾਸੰਘ ਵਿਚ ਪ੍ਰੀਖਣ ਕੀਤਾ ਗਿਆ ਅਤੇ ਇਹ 86 ਫ਼ੀ ਸਦੀ ਪ੍ਰਭਾਵਸ਼ਾਲੀ ਰਿਹਾ। ਅਮੀਰਾਤ ਦੇ ਬਿਆਨ ਵਿਚ ਜ਼ਿਆਦਾ ਜਾਣਕਾਰੀ ਨਹੀਂ ਦਿਤੀ ਗਈ ਪਰ ਇਸ ਵਿਚ ਦਵਾਈ ਦੇ ਪ੍ਰਭਾਵੀ ਹੋਣ ਦੇ ਸਬੰਧ ਵਿਚ ਪਹਿਲੀ ਵਾਰ ਜਨਤਕ ਤੌਰ 'ਤੇ ਦਸਿਆ ਗਿਆ। ਇਸ ਤੋਂ ਪਹਿਲਾਂ ਬੁਧਵਾਰ ਨੂੰ ਨੇਤਨਯਾਹੂ ਨੇ ਫ਼ਾਈਜ਼ਰ ਦੇ ਟੀਕੇ ਦੀ ਪਹਿਲੀ ਖੇਪ ਆਉਣ 'ਤੇ ਪ੍ਰਸੰਨਤਾ ਪ੍ਰਗਟ ਕੀਤੀ ਸੀ ਅਤੇ ਇਸ ਨੂੰ ਦੇਸ਼ ਲਈ ਜਸ਼ਨ ਦਾ ਦਿਨ ਦਸਿਆ ਸੀ। ਉਨ੍ਹਾਂ ਕਿਹਾ ਮੈਨੂੰ ਇਸ ਟੀਕੇ 'ਤੇ ਵਿਸ਼ਵਾਸ ਹੈ।ਨੇਤਨਯਾਹੂ ਨੇ ਕਿਹਾ ਕਿ ਉਹ ਟੀਕਾ ਲਗਵਾਉਣ ਵਾਲਾ ਪਹਿਲਾ ਸ਼ਖਸ ਬਣਨਾ ਚਾਹੁੰਦੇ ਹਨ ਤਾਂ ਕਿ ਲੋਕਾਂ ਦੇ ਸਾਹਮਣੇ ਇਕ ਉਦਾਹਰਣ ਪੇਸ਼ ਕੀਤਾ ਜਾ ਸਕੇ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਜਨਤਕ ਟੀਕਾਕਾਰਣ ਮੁਹਿੰਮ 27 ਦਸੰਬਰ ਤੋਂ ਸ਼ੁਰੂ ਹੋਵੇਗੀ, ਜਿਸ ਵਿਚ ਇਕ ਦਿਨ ਵਿਚ 60,000 ਲੋਕਾਂ ਨੂੰ ਟੀਕਾ ਲਗਾਇਆ ਜਾਵੇਗਾ।
ਉਨ੍ਹਾਂ 90 ਲੱਖ ਦੀ ਆਬਾਦੀ ਵਾਲੇ ਇਸ ਦੇਸ਼ ਵਿਚ ਟੀਕੇ ਦੀ ਇੰਨੀ ਗਿਣਤੀ ਨੂੰ ਠੀਕ ਦਸਿਆ। ਜਿਨ੍ਹਾਂ ਲੋਕਾਂ ਨੂੰ ਟੀਕਾ ਲੱਗ ਜਾਵੇਗਾ, ਉਨ੍ਹਾਂ ਨੂੰ ਵਿਸ਼ੇਸ਼ ਕਾਰਡ ਜਾਂ ਫ਼ੋਨ ਲਈ ਐਪ ਦਿਤੇ ਜਾਣਗੇ, ਤਾਂ ਕਿ ਉਹ ਬਿਨਾਂ ਰੋਕ ਟੋਕ ਘੁੰਮ ਸਕਣ। (ਪੀਟੀਆਈ)