
ਦਮਦਮੀ ਟਕਸਾਲ ਵਲੋਂ ਕਿਸਾਨ ਸੰਘਰਸ਼ ਬਾਰੇ ਚੁੱਪੀ ਸਾਧਣਾ ਅਤੀ ਮੰਦਭਾਗਾ
ਅਕਾਲ ਤਖ਼ਤ ਦੇ ਜਥੇਦਾਰ ਵਲੋਂ ਸੱਦਾ ਪੱਤਰ ਉਡੀਕਣਾ ਹਾਸੋਹੀਣਾ ਬਿਆਨ : ਤੁੰਗ, ਤਾਲਿਬਪੁਰਾ
ਅੰਮ੍ਰਿਤਸਰ, 10 ਦਸੰਬਰ (ਅਮਨਦੀਪ ਸਿੰਘ ਕੱਕੜ): ਕਿਸਾਨ ਸੰਘਰਸ਼ ਬਹੁਤ ਵੱਡਾ ਸੰਘਰਸ਼ ਬਣ ਚੁੱਕਾ ਹੈ। ਇਸ ਵਿਚ ਸਾਰੀਆਂ ਸੰਪਰਦਾਵਾਂ, ਨਿਹੰਗ ਜਥੇਬੰਦੀਆਂ, ਧਾਰਮਕ ਅਤੇ ਸਿਆਸੀ ਜਥੇਬੰਦੀਆਂ ਵੀ ਸ਼ਾਮਲ ਹੋ ਚੁੱਕੀਆਂ ਹਨ।
ਸਿੱਖਾਂ ਦੀ ਸੰਪਰਦਾ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਦਾ ਇਸ ਮਸਲੇ 'ਤੇ ਚੁੱਪ ਰਹਿਣਾ ਅਤੀ ਮੰਦਭਾਗਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਦੇ ਨਿਜੀ ਸਕੱਤਰ ਜਥੇਦਾਰ ਇਕਬਾਲ ਸਿੰਘ ਤੁੰਗ ਅਤੇ ਅਕਾਲ ਖ਼ਾਲਸਾ ਦੇ ਜਨਰਲ ਸਕੱਤਰ ਭਾਈ ਸੁਰਿੰਦਰਪਾਲ ਸਿੰਘ ਤਾਲਿਬਪੁਰਾ ਨੇ ਅਪਣੇ ਸਾਂਝੇ ਬਿਆਨ ਵਿਚ ਕੀਤਾ। ਤੁੰਗ ਨੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਧੁੰਮਾ ਨੂੰ ਹੱਥ ਜੋੜ ਕੇ ਅਪੀਲ ਕੀਤੀ ਕਿ ਉਹ ਅਜੇ ਵੀ ਅਪਣੀ ਸੰਪਰਦਾ ਵਲੋਂ ਸਿੱਖ ਸੰਗਤਾਂ ਨੂੰ ਅਪੀਲ ਕਰਨ ਕਿ ਉਹ ਇਸ ਸੰਘਰਸ਼ ਵਿਚ ਵੱਡੀ ਗਿਣਤੀ ਵਿਚ ਸ਼ਾਮਲ ਹੋਣ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੁਰਾਂ ਵਲੋਂ ਦਿਤੇ ਬਿਆਨ ਕਿ ਜੇਕਰ ਮੈਨੂੰ ਕਿਸਾਨ ਜਥੇਬੰਦੀਆਂ ਵਲੋਂ ਕੋਈ ਸੱਦਾ ਪੱਤਰ ਆਇਆ ਤਾਂ ਮੈਂ ਜ਼ਰੂਰ ਜਾਵਾਂਗਾ ਤੇ ਤਿੱਖਾ ਪ੍ਰਤੀਕ੍ਰਮ ਕਰਦੇ ਹੋਏ ਇਕਬਾਲ ਸਿੰਘ ਤੁੰਗ ਅਤੇ ਸੁਰਿੰਦਰਪਾਲ ਸਿੰਘ ਤਾਲਿਬਪੁਰਾ ਨੇ ਕਿਹਾ ਕਿ ਕਿਸਾਨ ਸੰਘਰਸ਼ ਜਥੇਬੰਦੀਆਂ ਕੋਈ ਵਿਆਹ 'ਤੇ ਨਹੀਂ ਹਨ। ਉਹ ਕਿਸਾਨਾਂ ਦੇ ਹੱਕ ਲਈ ਸੰਘਰਸ਼ ਕਰ ਰਹੀਆਂ ਹਨ । ਉਨ੍ਹਾਂ ਵਲੋਂ ਸੱਦਾ ਪਤਰ ਉਡੀਕਣਾ ਹਾਸੋਹੀਣਾ ਬਿਆਨ ਹੈ। ਉਨ੍ਹਾਂ ਕਿਹਾ ਕਿ 'ਜਥੇਦਾਰ' ਨੂੰ ਖ਼ੁਦ ਇਸ ਸੰਘਰਸ਼ ਵਿਚ ਜਾਣਾ ਚਾਹੀਦਾ ਸੀ ਅਤੇ ਅਕਾਲ ਤਖ਼ਤ ਸਾਹਿਬ ਵਲੋਂ ਕਿਸਾਨਾਂ ਦੇ ਹੱਕ ਵਿਚ ਇਕ ਆਦੇਸ਼ ਜਾਰੀ ਕਰਨਾ ਚਾਹੀਦਾ ਸੀ। ਸਿਆਸੀ ਪਾਰਟੀਆਂ ਸਿਆਸਤ ਛੱਡ ਕੇ ਤਨੋਂ-ਮਨੋਂ ਇਸ ਸੰਘਰਸ਼ ਦਾ ਹਿੱਸਾ ਬਣਨ।