
ਕਿਸਾਨਾਂ ਨੇ ਹਾਈਵੇਅ 'ਤੇ ਲਗਾਉਣੀਆਂ ਸ਼ੁਰੂ ਕੀਤੀਆਂ ਸਬਜ਼ੀਆਂ, ਬੋਲੇ- ਹੁਣ ਨਹੀਂ ਮੁੜਦੇ
ਨਵੀਂ ਦਿੱਲੀ, 10 ਦਸੰਬਰ : ਕਿਸਾਨ ਦਿੱਲੀ ਮੋਰਚੇ 'ਤੇ ਲਗਾਤਾਰ ਡਟੇ ਹੋਏ ਹਨ। ਉਹ ਅਪਣੇ ਨਾਲ 6-6 ਮਹੀਨਿਆਂ ਦਾ ਰਾਸ਼ਨ ਲੈ ਕੇ ਆਏ ਹਨ। ਹੁਣ ਤਾਂ ਕਿਸਾਨਾਂ ਨੇ ਹਾਈਵੇ ਉੱਤੇ ਸਬਜ਼ੀਆਂ ਵੀ ਲਗਾਉਣੀਆਂ ਸ਼ੁਰੂ ਕਰ ਦਿਤੀਆਂ ਹਨ।
ਦਰਅਸਲ, ਕਿਸਾਨਾਂ ਦੀ ਸਬਜ਼ੀ ਲਗਾਉਂਦਿਆਂ ਦੀ ਇਕ ਵੀਡੀਉ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ ਤੇ ਇਸ ਵੀਡੀਉ ਨੂੰ ਪੰਜਾਬੀ ਗਾਇਕ ਗਿੱਪੀ ਗਰੇਵਾਲ ਨੇ ਵੀ ਅਪਣੇ ਫੇਸਬੁਕ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਉ ਵਿਚ ਕਿਸਾਨ ਸੜਕ ਹਾਈਵੇਅ ਦੇ ਵਿਚਕਾਰ ਵਾਲੀ ਖ਼ਾਲੀ ਜਗ੍ਹਾ ਨੂੰ ਖੇਤੀ ਲਈ ਤਿਆਰ ਕਰ ਰਹੇ ਹਨ।
ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਜਗ੍ਹਾ ਉੱਤੇ ਧਨੀਆਂ, ਪਾਲਕ, ਮੇਥੇ, ਮੂਲੀ ਲਗਾ ਰਹੇ ਹਨ। ਗੋਭੀ ਤੇ ਪਿਆਜ਼ ਦੀ ਪਨੀਰੀ ਵੀ ਲਗਾਉਣੀ ਹੈ। ਹਾਈਵੇ ਦੇ ਧੁਰ ਤਕ ਸਬਜ਼ੀਆਂ ਲਗਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਖੇਤੀ ਕਾਨੂੰਨਾਂ ਵਿਰੁਧ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ 'ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 15ਵਾਂ ਦਿਨ ਹੈ। ਕਲ ਕਿਸਾਨਾਂ ਨੇ ਕੇਂਦਰ ਸਰਕਾਰ ਵਲੋਂ ਭੇਜੇ ਪ੍ਰਸਤਾਵ ਨੂੰ ਰੱਦ ਕਰ ਦਿਤਾ। ਇਸ ਦੇ ਨਾਲ ਹੀ ਕਿਸਾਨਾਂ ਨੇ ਅੰਦੋਲਨ ਨੂੰ ਤੇਜ਼ ਕਰਨ ਦਾ ਐਲਾਨ ਵੀ ਕਰ ਦਿਤਾ ਹੈ।