
'ਕ੍ਰਾਂਤੀ' ਕਦੇ ਪਿਛੇ ਵਲ ਨਹੀਂ ਜਾਂਦੀ : ਨਵਜੋਤ ਸਿੰਘ ਸਿੱਧੂ
ਚੰਡੀਗੜ੍ਹ, 10 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਕੇਂਦਰ ਸਰਕਾਰ ਵਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਕਿਸਾਨ ਪਿਛਲੇ 15 ਦਿਨਾਂ ਤੋਂ ਦਿੱਲੀ ਧਰਨੇ 'ਚ ਡਟੇ ਹੋਏ ਹਨ। ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਦੇ ਸਮਰਥਨ ਲਈ ਜਿਥੇ ਪੰਜਾਬੀ ਕਲਾਕਾਰ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ, ਉਥੇ ਹੀ ਸਿਆਸੀ ਲੀਡਰ ਵੀ ਉਨ੍ਹਾਂ ਦਾ ਸਮਰਥਨ ਕਰ ਰਹੇ ਹਨ। ਕਿਸਾਨਾਂ ਦੇ ਹੱਕ 'ਚ ਆਏ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਤੋਂ ਕਿਸਾਨਾਂ ਦੇ ਸਮਰਥਨ 'ਚ ਟਵੀਟ ਕੀਤਾ ਹੈ ਅਤੇ ਕੇਂਦਰ ਸਰਕਾਰ ਨੂੰ ਲੰਮੇ ਹੱਥੀਂ ਲਿਆ ਹੈ।
ਸਿੱਧੂ ਨੇ ਟਵੀਟ ਕਰਦੇ ਹੋਏ ਕਿਹਾ ਕਿ 'ਕ੍ਰਾਂਤੀ' ਕਦੇ ਪਿਛੇ ਵਲ ਨਹੀਂ ਜਾਂਦੀ...ਲੀਡਰਸ਼ਿਪ ਦੀ ਅਸਲੀ ਤਾਕਤ 'ਨਾ' ਕਰਨ 'ਚ ਹੈ, 'ਹਾਂ' ਕਰਨਾ ਸੌਖਾ ਹੈ...ਜੋ ਤੁਸੀਂ ਨਹੀਂ ਕਰਦੇ, ਉਹ ਨਿਰਧਾਰਿਤ ਕਰਦਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ।'
ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਸੋਸ਼ਲ ਮੀਡੀਆ 'ਤੇ ਕਿਸਾਨਾਂ ਦੇ ਹੱਕ 'ਚ ਆਵਾਜ਼ ਬੁਲੰਦ ਕਰਦੇ ਹੋਏ ਪਹਿਲਾਂ ਵੀ ਟਵੀਟ ਕਰਦਿਆਂ ਕਿਹਾ ਸੀ ਕਿ ਕੇਂਦਰ ਸਰਕਾਰ ਕਿਸਾਨਾਂ ਅਤੇ ਪੂੰਜੀਪਤੀਆਂ ਨਾਲ ਦੋਗਲਾਪਨ ਕਰ ਰਹੀ ਹੈ। ਉਨ੍ਹਾਂ ਕਿਹਾ ਸੀ ਕਿ ਜੇਕਰ ਇਕ ਕਿਸਾਨ 2 ਲੱਖ ਰੁਪਏ ਤਕ ਦਾ ਕਰਜ਼ਾ ਲੈਂਦਾ ਹੈ ਤਾਂ ਉਸ ਕੋਲੋਂ ਗਾਰੰਟੀ ਵਜੋਂ ਖ਼ਾਲੀ ਚੈੱਕ 'ਤੇ ਹਸਤਾਖ਼ਰ ਕਰਵਾਏ ਜਾਂਦੇ ਹਨ ਅਤੇ ਕਰਜ਼ਾ ਨਾ ਮੋੜਨ ਦੀ ਸੂਰਤ 'ਚ ਉਸ ਦੀ ਜਾਇਦਾਦ ਨੂੰ ਸੀਜ਼ ਕਰ ਦਿਤਾ ਜਾਂਦਾ ਹੈ ਅਤੇ ਕਿਸਾਨ ਨੂੰ ਜੇਲਾਂ ਤਕ ਦੀ ਹਵਾ ਖਾਣੀ ਪੈਂਦੀ ਹੈ ਪਰ ਇਸ ਦੇ ਉਲਟ ਅੰਬਾਨੀ ਨੇ 46 ਹਜ਼ਾਰ ਕਰੋੜ ਰੁਪਏ ਵਾਪਸ ਨਹੀਂ ਕੀਤੇ ਤਾਂ ਕੀ ਉਸ ਕੋਲੋਂ ਖ਼ਾਲੀ ਚੈੱਕ ਲਿਆ ਗਿਆ ਜਾਂ ਫਿਰ ਉਸ ਦੀ ਜਾਇਦਾਦ ਸੀਜ਼ ਕੀਤੀ ਗਈ? ਉਨ੍ਹਾਂ ਕਿਹਾ ਸੀ ਕਿ ਜੇਕਰ ਕਿਸਾਨ ਕਰਜ਼ਾ ਲੈਂਦਾ ਹੈ ਤਾਂ ਉਸ ਨੂੰ 5 ਸਾਲਾਂ ਅੰਦਰ ਬੈਂਕ ਨੂੰ ਕਰਜ਼ਾ ਮੋੜਨਾ ਪੈਂਦਾ ਹੈ ਪਰ ਵੱਡੇ-ਵੱਡੇ ਪੂੰਜੀਪਤੀਆਂ ਨੂੰ 20 ਜਾਂ 25 ਸਾਲਾਂ ਦਾ ਸਮਾਂ ਕਰਜ਼ਾ ਮੋੜਨ ਲਈ ਦਿਤਾ ਜਾਂਦਾ ਹੈ, ਜੋ ਕਿ ਕਿਸਨਾਂ ਨਾਲ ਸਰਾਸਰ ਧੱਕੇਸ਼ਾਹੀ ਹੈ।