
50 ਗਲੋਬਲ ਏਸ਼ੀਆਈ ਹਸਤੀਆਂ 'ਚੋਂ ਸੋਨੂ ਸੂਦ ਨੂੰ ਮਿਲਿਆ ਚੋਟੀ ਦਾ ਸਥਾਨ
ਲੰਡਨ, 10 ਦਸੰਬਰ : ਕੋਵਿਡ 19 ਮਹਾਂਮਾਰੀ ਦੌਰਾਨ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਨੂੰ ਲੈ ਕੇ ਭਾਰਤੀ ਅਦਾਕਾਰ ਸੋਨੂ ਸੂਦ ਨੂੰ ਦਖਣੀ ਏਸ਼ੀਆਈ ਹਸਤੀਆਂ ਦੀ ਸੂਚੀ 'ਚ ਚੋਟੀ ਦੇ ਸਥਾਨ 'ਤੇ ਨਾਮਜਦ ਕੀਤਾ ਗਿਆ ਹੈ। ਇਸ ਸਬੰਧ 'ਚ ਪਹਿਲੀ ਅਤੇ ਇਕ ਅਨੋਖੀ ਰੈਂਕਿੰਗ ਬੁਧਵਾਰ ਨੂੰ ਲੰਡਨ 'ਚ ਜਾਰੀ ਕੀਤੀ ਗਈ।
ਬ੍ਰਿਟੇਨ ਦੇ ਅਖਬਾਰ 'ਈਸਟਰਨ ਆਈ' ਵਲੋਂ ਪ੍ਰਕਾਸ਼ਿਤ 'ਵਿਸ਼ਵ 'ਚ 50 ਏਸ਼ੀਆਈ ਹਸਤੀਆਂ' ਦੀ ਸੂਚੀ 'ਚ ਚੋਟੀ ਦਾ ਸਥਾਨ ਹਾਸਲ ਕਰਨ ਲਈ 47 ਸਾਲ ਦੇ ਬਾਲੀਵੁੱਡ ਅਦਾਕਾਰ ਨੂੰ ਸਖ਼ਤ ਮੁਕਾਬਲੇ ਦਾ ਸਾਹਮਣਾ ਕਰਨਾ ਪਿਆ। ਇਸ ਸੂਚੀ ਦੇ ਮਾਧਿਅਮ ਨਾਲ ਉਨ੍ਹਾਂ ਕਲਾਕਾਰਾਂ ਨੂੰ ਸਨਮਾਨਤ ਕੀਤਾ ਗਿਆ ਹੈ, ਜਿਨ੍ਹਾਂ ਨੇ ਅਪਣੇ ਕੰਮ ਨਾਲ ਸਮਾਜ 'ਚ ਹਾਂ-ਪੱਖੀ ਛਾਪ ਛੱਡੀ ਹੈ ਅਤੇ ਲੋਕਾਂ ਨੂੰ ਪ੍ਰੇਰਿਤ ਕੀਤਾ ਹੈ। ਪੁਰਸਕਾਰ ਦੇ ਪ੍ਰਤੀ ਸਨਮਾਨਯੋਗ ਰਵਈਆਂ ਪ੍ਰਗਟ ਕਰਦੇ ਹੋਏ ਸੋਨੂੰ ਸੂਦ ਨੇ ਕਿਹਾ ਕਿ ਕੋਰੋਨਾ ਲਾਗ ਦੌਰਾਨ ਮੈਨੂੰ ਅਹਿਸਾਸ ਹੋਇਆ ਕਿ ਅਪਣੇ ਦੇਸ਼ ਦੇ ਲੋਕਾਂ ਦੀ ਸਹਾਇਤਾ ਕਰਨਾ ਮੇਰਾ ਫਰਜ਼ ਹੈ।
ਕੋਵਿਡ-19 ਤਾਲਾਬੰਦੀ ਦੇ ਸਮੇਂ ਸੂਦ ਨੇ ਭਾਰਤੀ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਘਰ ਭੇਜਣ 'ਚ ਸਹਾਇਤਾ ਕੀਤੀ ਸੀ, ਜਿਸ ਲਈ ਉਨ੍ਹਾਂ ਨੂੰ ਇਹ ਸਨਮਾਨ ਦਿਤਾ ਗਿਆ। 'ਈਸਟਰਨ ਆਈ' ਦੇ ਸੰਪਾਦਕ ਅਸਜ਼ਦ ਨਜ਼ੀਰ ਨੇ ਸੂਚੀ ਤਿਆਰ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਦ ਇਸ ਸਨਮਾਨ ਦੇ ਹੱਕਦਾਰ ਹਨ, ਕਿਉਂਕਿ ਤਾਲਾਬੰਦੀ ਦੇ ਸਮੇਂ ਦੂਜਿਆਂ ਦੀ ਸਹਾਇਤਾ ਕਰਨ ਲਈ ਕਿਸੇ ਹੋਰ ਹਸਤੀ ਨੇ ਇੰਨਾ ਵੱਡਾ ਕੰਮ ਨਹੀਂ ਕੀਤਾ।
(ਪੀਟੀਆਈ)