
ਖ਼ਾਸ 'ਪਾਰਟੀ' ਨੂੰ ਫਾਇਦਾ ਪਹੁੰਚਾਉਣ ਲਈ ਸੁਰੱਖਿਆ ਫ਼ੋਰਸਾਂ ਦੀ ਵਰਤੋਂ: ਮਹਿਬੂਬਾ ਮੁਫ਼ਤੀ
ਸ਼੍ਰੀਨਗਰ, 10 ਦਸੰਬਰ : ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਮੁਖੀ ਅਤੇ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਜ਼ਿਲ੍ਹਾ ਵਿਕਾਸ ਪ੍ਰੀਸ਼ਦ (ਡੀ.ਡੀ.ਸੀ.) ਦੀਆਂ ਚੋਣਾਂ 'ਚ ਵੋਟਿੰਗ ਲਈ ਆਉਣ ਵਾਲੇ ਲੋਕਾਂ ਨੂੰ ਸੁਰੱਖਿਆ ਦਸਤਿਆਂ ਵਲੋਂ ਰੋਕਿਆ ਜਾ ਰਿਹਾ ਹੈ। ਮਹਿਬੂਬਾ ਨੇ ਕਿਹਾ ਕਿ ਪਾਰਟੀ ਵਿਸ਼ੇਸ਼ ਦੇ ਹੱਕ 'ਚ ਧਾਂਦਲੀ ਲਈ ਇਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ।
ਮਹਿਬੂਬਾ ਨੇ ਟਵਿੱਟਰ 'ਤੇ ਲਿਖਿਆ ਕਿ ਸੁਰੱਖਿਆ ਦਸਤਿਆਂ ਨੇ ਸ਼ੋਪੀਆਂ ਦੇ ਮੈਤਰੀਬਾਗ਼ ਇਲਾਕੇ 'ਚ ਘੇਰਾਬੰਦੀ ਕਰ ਦਿਤੀ ਹੈ ਅਤੇ ਅਤਿਵਾਦੀਆਂ ਦੀ ਮੌਜੂਦਗੀ ਦੀ ਰੀਪੋਰਟ ਦੇ ਬਹਾਨੇ ਲੋਕਾਂ ਨੂੰ ਡੀ.ਡੀ.ਸੀ. ਚੋਣਾਂ ਦੇ 5ਵੇਂ ਗੇੜ 'ਚ ਵੋਟਿੰਗ ਲਈ ਆਉਣ ਦੀ ਮਨਜ਼ੂਰੀ ਨਹੀਂ ਦਿਤੀ ਜਾ ਰਹੀ ਹੈ। ਇਸ ਤਰ੍ਹਾਂ ਨਾਲ ਚੋਣਾਂ 'ਚ ਪਾਰਟੀ ਵਿਸ਼ੇਸ਼ ਨੂੰ ਲਾਭ ਪਹੁੰਚਾਉਣ ਲਈ ਸੁਰੱਖਿਆ ਦਸਤਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੁਰੱਖਿਆ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਨੂੰ ਵੀ ਘਰੋਂ ਬਾਹਰ ਨਿਕਲਣ ਨਹੀਂ ਦਿਤਾ ਜਾ ਰਿਹਾ ਹੈ, ਜਦਕਿ ਮੰਤਰੀ ਅਤੇ ਪਾਰਟੀ ਵਿਸ਼ੇਸ਼ ਦੇ ਨੇਤਾ ਘਾਟੀ 'ਚ ਸੁਤੰਤਰ ਪ੍ਰਚਾਰ ਕਰਨ 'ਚ ਲੱਗੇ ਹਨ। (ਏਜੰਸੀ)
ਇਸ ਵਿਚ ਪੀਪਲਜ਼ ਕਾਨਫ਼ਰੰਸ ਪ੍ਰਧਾਨ ਸੱਜਾਦ ਗਨੀ ਲੋਨ ਨੇ ਉੱਤਰੀ ਕਸ਼ਮੀਰ 'ਚ ਸਰਹੱਦੀ ਉੜੀ 'ਚ ਕਥਿਤ ਤੌਰ 'ਤੇ ਰੁਪਿਆਂ ਦੀ ਵੰਡ ਕੀਤੇ ਜਾਣ ਦੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। (ਏਜੰਸੀ)