
ਭਾਕਿਯੂ (ਏਕਤਾ ਉਗਰਾਹਾਂ) ਦੀ ਸਿਖਿਆ ਮੁਹਿੰਮ ਜਾਰੀ
ਲੋਹੜੀ ਦੀ ਅੱਗ ਵਿਚ ਕਾਲੇ ਖੇਤੀ ਕਾਨੂੰਨ ਸਾੜਨ ਦਾ ਐਲਾਨ
ਚੰਡੀਗੜ੍ਹ, 11 ਜਨਵਰੀ (ਭੁੱਲਰ): ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ ਸ਼ੁਰੂ ਕੀਤੀ ਸਿਖਿਆ ਮੁਹਿੰਮ ਦੇ ਦੂਜੇ ਦਿਨ ਅੱਜ ਪਿੰਡ ਕਿਲੀ ਚਾਹਲਾਂ ਵਿਖੇ ਮੋਗਾ, ਲੁਧਿਆਣਾ, ਜਲੰਧਰ, ਫ਼ਿਰੋਜ਼ਪੁਰ, ਤਰਨਤਾਰਨ, ਅੰਮਿ੍ਤਸਰ ਅਤੇ ਗੁਰਦਾਸਪੁਰ ਜ਼ਿਲਿ੍ਹਆਂ ਵਿਚੋਂ 25 ਔਰਤਾਂ ਸਮੇਤ 200 ਤੋਂ ਵੱਧ ਚੋਣਵੇਂ ਕਿਸਾਨ ਅਧਿਆਪਕਾਂ ਦੀ ਮੀਟਿੰਗ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਦੀ ਅਗਵਾਈ ਹੇਠ ਹੋਈ ਜਿਸ ਵਿਚ ਕੁੱਝ ਅਧਿਆਪਕਾਂ ਸਮੇਤ ਹਮਾਇਤੀ ਹਿੱਸੇ ਵੀ ਸ਼ਾਮਲ ਹੋਏ |
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾਈ ਮੁਹਿੰਮ ਕਮੇਟੀ ਦੇ ਮੈਬਰਾਂ ਸੁਖਜੀਤ ਸਿੰਘ ਕੋਠਾਗੁਰੂ, ਜਗਤਾਰ ਸਿੰਘ ਕਾਲਾਝਾੜ ਅਤੇ ਖ਼ੁਦ ਕੋਕਰੀ ਕਲਾਂ ਨੇ ਜ਼ੋਰ ਦਿਤਾ ਕਿ ਪਿੰਡ-ਪਿੰਡ ਸਿਖਿਆ ਮੀਟਿੰਗਾਂ ਦਾ ਤਾਂਤਾ ਬੰਨ੍ਹ ਕੇ ਕਿਸਾਨਾਂ ਦੀ ਸੱਜੀ ਬਾਂਹ ਖੇਤ ਮਜਦੂਰਾਂ ਸਮੇਤ ਪੇਂਡੂ ਸ਼ਹਿਰੀ ਗ਼ਰੀਬਾਂ ਤੇ ਛੋਟੇ ਕਾਰੋਬਾਰੀਆਂ ਨੂੰ ਲਾਮਬੰਦ ਕਰਨ ਰਾਹੀਂ ਘੋਲ ਨੂੰ ਹੋਰ ਵਿਸ਼ਾਲ ਅਤੇ ਮਜਬੂਤ ਕੀਤਾ ਜਾਵੇ | ਕਿਸਾਨਾਂ ਨੂੰ ਤਬਾਹ ਕਰਨ ਤੇ ਤੁਲੀ ਮੋਦੀ ਭਾਜਪਾ ਹਕੂਮਤ ਸਮੇਤ ਅਡਾਨੀ ਅੰਬਾਨੀ ਕਾਰਪੋਰੇਟਾਂ ਅਤੇ ਕੌਮਾਂਤਰੀ ਸਾਮਰਾਜੀ ਕੰਪਨੀਆਂ ਨੂੰ ਘੋਲ ਦਾ ਮੁੱਖ ਚੋਟ ਨਿਸ਼ਾਨਾ ਬਣਾਇਆ ਜਾਵੇ | ਲੋਹੜੀ ਮੌਕੇ ਇਤਿਹਾਸਕ ਕਿਸਾਨ ਨਾਇਕ ਦੁੱਲਾ ਭੱਟੀ ਨੂੰ ਯਾਦ ਕਰਦਿਆਂ ਕਾਲੇ ਖੇਤੀ ਕਾਨੂੰਨਾਂ ਦੇ ਪੱਤਰੇ ਤਿਲਾਂ ਦੀ ਥਾਂ ਅਗਨਭੇਂਟ ਕੀਤੇ ਜਾਣ |
ਜਥੇਬੰਦੀਆਂ ਵਲੋਂ ਐਲਾਨੇ ਗਏ ਘੋਲ ਦੇ ਵਿਸ਼ੇਸ਼ ਔਰਤ ਦਿਵਸ ਮੌਕੇ 18 ਜਨਵਰੀ ਨੂੰ ਦਿੱਲੀ ਤੋਂ ਇਲਾਵਾ ਧਨੌਲਾ ਅਤੇ ਕਟਹਿਰਾ ਵਿਖੇ ਕ੍ਰਮਵਾਰ ਹਰਜੀਤ ਗ੍ਰੇਵਾਲ ਤੇ ਸੁਰਜੀਤ ਜਿਆਣੀ ਦੇ ਪਿੰਡਾਂ ਵਿਚ ਭਾਜਪਾ ਹਕੂਮਤ ਦੀਆਂ ਜੜ੍ਹਾਂ-ਹਿਲਾਊ ਔਰਤ ਰੈਲੀਆਂ ਕੀਤੀਆਂ ਜਾਣ | ਪੰਜ ਜ਼ਿਲਿ੍ਹਆਂ ਦੀ ਅਗਲੀ ਸਿਖਿਆ ਮੀਟਿੰਗ 14 ਜਨਵਰੀ ਨੂੰ ਮਾਈਸਰਖਾਨਾ (ਬਠਿੰਡਾ) ਵਿਖੇ ਕੀਤੀ ਜਾ ਰਹੀ ਹੈ | ਸਟੇਜ ਸਕੱਤਰ ਦੀ ਭੂਮਿਕਾ ਗੁਰਮੀਤ ਸਿੰਘ ਕਿਸ਼ਨਪੁਰਾ ਨੇ ਨਿਭਾਈ ਅਤੇ ਮੁੱਖ ਜ਼ਿਲ੍ਹਾ ਆਗੂ ਲਖਵਿੰਦਰ ਸਿੰਘ ਮੰਜਿਆਂਵਾਲੀ, ਹਰਚਰਨ ਸਿੰਘ ਮਹੱਦੀਪੁਰਾ, ਜਗਵੀਰ ਸਿੰਘ ਤਰਨਤਾਰਨ, ਬਲਵੰਤ ਸਿੰਘ ਘੁਡਾਣੀ ਅਤੇ ਮੋਹਨ ਸਿੰਘ ਨਕੋਦਰ ਸ਼ਾਮਲ ਸਨ |
image