
‘ਵੋਗ’ ਦੇ ਮੁੱਖ ਪੰਨੇ ਲਈ ਹੈਰਿਸ ਦੀ ਟੀਮ ਅਤੇ ਮੈਗਜ਼ੀਨ ਵਿਚਾਲੇ ਵਿਵਾਦ
ਵਿਲਮਿੰਗਟਨ (ਅਮਰੀਕਾ), 11 ਜਨਵਰੀ : ਅਮਰੀਕਾ ਦੀ ਨਵੀਂ ਚੁਣੀ ਗਈ ਉਪ ਰਾਸ਼ਟਰਪਤੀ ਕਮਲਾ ਹੈਰਿਸ ਮੈਗਜ਼ੀਨ ‘ਵੋਗ’ ਦੇ ਫ਼ਰਵਰੀ ਅੰਕ ਦੇ ‘ਕਵਰ’ ’ਤੇ ਨਜ਼ਰ ਆ ਰਹੀ ਹੈ, ਪਰ ਉਨ੍ਹਾਂ ਦੇ ਦਲ ਦਾ ਕਹਿਣਾ ਹੈ ਕਿ ਦੋਹਾਂ ਪੱਖਾਂ ਵਿਚਾਲੇ ਇਸ ਤਸਵੀਰ ’ਤੇ ਨਹੀਂ, ਬਲਕਿ ਦੂਜੀ ਤਸਵੀਰ ’ਤੇ ਸਹਿਮਤੀ ਬਣੀ ਸੀ। ਮੈਗਜ਼ੀਨ ਦੇ ‘ਕਵਰ’ ’ਤੇ ਹੈਰਿਸ ਸ਼ੂਟ ਦੌਰਾਨ ਪਹਿਨੇ ਗਏ ਨੀਲੇ ਰੰਗ ਦੇ ਸੂਟ ਦੀ ਥਾਂ, ਆਮ ਜਿਹੇ ਕਪੜੇ ਅਤੇ ਉਸ ਨਾਲ ‘ਕਨਵਰਸ ਚਕ ਟੇਲਰ ਸਨੀਕਰਜ਼’ (ਬੂਟ) ਪਹਿਨੇ ਨਜ਼ਰ ਆ ਰਹੀ ਹੈ, ਜੋ ਉਨ੍ਹਾਂ ਨੇ ਕਈ ਵਾਰ ਪ੍ਰਚਾਰ ਅਭਿਆਨ ਦੌਰਾਨ ਵੀ ਪਹਿਨੇ ਸਨ। ਹੈਰਿਸ ਨੂੰ ਮੈਗਜ਼ੀਨ ਦੇ ‘ਕਵਰ’ ’ਤੇ ਕਿਸ ਤਰ੍ਹਾਂ ਪੇਸ਼ ਕੀਤਾ ਜਾਵੇਗਾ ਉਸ ਗੱਲਬਾਤ ਵਿਚ ਸ਼ਾਮਲ ਇਕ ਵਿਅਕਤੀ ਅਨੁਸਾਰ ਹੈਰਿਸ ਦੀ ਟੀਮ ਨੂੰ ਸਨਿਚਰਵਾਰ ਨੂੰ ਮੈਗਜ਼ੀਨ ਜਾਰੀ ਹੋਣ ਤਕ ਇਸ ਗੱਨ ਦੀ ਜਾਣਕਾਰੀ ਨਹੀਂ ਸੀ ਕਿ ਤਸਵੀਰ ਬਦਲ ਦਿਤੀ ਗਈ ਹੈ। ਉਥੇ ਹੀ ਮੈਗਜ਼ੀਨ ਨੇ ਇਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੇ ਹੈਰਿਸ ਦੀ ਰੋਜ਼ਾਨਾ ਗਤੀਵਿਧੀਆਂ ਦਰਸਾਉਂਦੀ ਤਸਵੀਰ ਇਸ ਲਈ ਚੁਣੀ ਕਿਉਂਕਿ ਉਸ ਨਾਲ ਉਨ੍ਹਾਂ ਦਾ ‘ਵਿਸ਼ਵਾਸ ਅਤੇ ਮਿਲਣਸਾਰ ਸੁਭਾਅ’ ਦਿਖਦਾ ਹੈ ਜੋ ਸਾਨੂੰ ਲਗਦਾ ਹੈ ਕਿ ਨਵੀਂ ਚੁਣੇ ਗਏ ਰਾਸ਼ਟਰਪਤੀ ਜੋ. ਬਾਈਡਨ ਅਤੇ ਹੈਰਿਸ ਦੇ ਪ੍ਰਸ਼ਾਸਨ ਦੀ ਇਹ ਇਕ ਵੱਡੀ ਪਹਿਚਾਣ ਹੈ।’’ (ਪੀਟੀਆਈ)