
ਡਾ. ਮਨਜੀਤ ਸਿੰਘ ਨੇ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲਿਆ
ਐਸ.ਏ.ਐਸ ਨਗਰ, 11 ਜਨਵਰੀ (ਸੁਖਦੀਪ ਸਿੰਘ ਸੋਈ): ਸਿਹਤ ਅਤੇ ਪਰਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਡਾ. ਮਨਜੀਤ ਸਿੰਘ ਨੇ ਅੱਜ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ (ਪੀ.ਐਚ.ਐਸ. ਸੀ.) ਦੇ ਡਾਇਰੈਕਟਰ ਵਜੋਂ ਅਹੁਦਾ ਸੰਭਾਲ ਲਿਆ। ਇਸ ਮੌਕੇ ਸਮੁੱਚੇ ਸਟਾਫ਼Êਨੇ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ।
ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਉਨ੍ਹਾਂ ਵਲੋਂ ਨਿਭਾਈਆਂ ਗਈਆਂ ਬੇਮਿਸਾਲ ਸੇਵਾਵਾਂ ਨੂੰ ਵੇਖਦਿਆਂ ਉਨ੍ਹਾਂ ਨੂੰ ਸੇਵਾਮੁਕਤੀ ਮਗਰੋਂ ਇਸ ਅਦਾਰੇ ਦੇ ਡਾਇਰੈਕਟਰ ਵਜੋਂ ਵਿਸ਼ੇਸ਼ ਤੌਰ ’ਤੇ ਨਿਯੁਕਤ ਕੀਤਾ ਹੈ। ਸਥਾਨਕ ਫ਼ੇਜ਼ ਅੱਠ ਵਿਖੇ ਅਪਣੇ ਦਫਤਰ ਵਿਚ ਅਹੁਦਾ ਸੰਭਾਲਣ ਮਗਰੋਂ ਡਾ. ਮਨਜੀਤ ਸਿੰਘ ਨੇ ਕਿਹਾ ਕਿ ਇਸ ਅਦਾਰੇ ਦੀ ਕਾਰਜਪ੍ਰਣਾਲੀ ਨੂੰ ਬਿਹਤਰ ਬਣਾਉਣਾ ਉਨ੍ਹਾਂ ਦੀਆਂ ਸਿਖਰਲੀਆਂ ਤਰਜੀਹਾਂ ਵਿਚ ਸ਼ਾਮਲ ਹੈ ਤਾਂ ਜੋ ਸੂੂਬੇ ਦੇ ਲੋਕਾਂ ਨੂੰ ਦਿਤੀਆਂ ਜਾ ਰਹੀਆਂ ਮਿਆਰੀ ਤੇ ਸੁਚੱਜੀਆਂ ਸੇਵਾਵਾਂ ਵਿਚ ਹੋਰ ਸੁਧਾਰ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਅਦਾਰੇ ਦੇ ਸਮੂਹ ਸਟਾਫ਼ ਨੂੰ ਨਾਲ ਲੈ ਕੇ ਚਲਣਗੇ ਅਤੇ ਉਮੀਦ ਕਰਦੇ ਹਨ ਕਿ ਉਨ੍ਹਾਂ ਨੂੰ ਕੰਮ ਵਿਚ ਪੂਰਾ ਸਹਿਯੋਗ ਮਿਲੇਗਾ। ਡਾ. ਮਨਜੀਤ ਸਿੰਘ ਨੇ 36 ਸਾਲਾਂ ਤਕ ਸਿਹਤ ਵਿਭਾਗ ਵਿਚ ਬੇਦਾਗ਼, ਈਮਾਨਦਾਰਾਨਾ ਅਤੇ ਸਮਰਪਿਤ ਸੇਵਾਵਾਂ ਦਿਤੀਆਂ ਹਨ। ਇਸ ਮੌਕੇ ਉਨ੍ਹਾਂ ਦੇ ਪ੍ਰਵਾਰਕ ਜੀਅ, ਸਿਵਲ ਸਰਜਨ ਮੋਹਾਲੀ ਦੇ ਪੀ.ਏ. ਦਵਿੰਦਰ ਸਿੰਘ, ਹੈਲਥ ਇੰਸਪੈਕਟਰ ਦਿਲਬਾਗ ਸਿੰਘ, ਭੁਪਿੰਦਰ ਸਿੰਘ ਆਦਿ ਵੀ ਮੌਜੂਦ ਸਨ।
photos 11-9 ਫ਼ੋਟੋ ਕੈਪਸ਼ਨ : ਡਾ. ਮਨਜੀਤ ਸਿੰਘ ਅਹੁਦਾ ਸੰਭਾਲਣ ਸਮੇਂ।