
ਹਨੁਮਾ ਅਤੇ ਅਸ਼ਵਿਨ ਨੇ ਜਮਾਏ ਪੈਰ, ਭਾਰਤ ਨੇ ਮੈਚ ਡਰਾਅ ਕਰਵਾਇਆ
ਸਿਡਨੀ, 11 ਜਨਵਰੀ : ਚੇਤੇਸ਼ਵਰ ਪੁਜਾਰਾ ਅਤੇ ਰਿਸ਼ਭ ਪੰਤ ਦੀ ਸੈਂਕੜੇ ਵਾਲੀ ਭਾਈਵਾਲੀ ਟੁੱਟਣ ਨਾਲ ਜਿੱਤ ਦੀ ਉਮੀਦ ਮੱਧਮ ਪੈਣ ਤੋਂ ਬਾਅਦ ਹਨੁਮਾ ਵਿਹਾਰੀ ਅਤੇ ਰਵਿਚੰਦਰਨ ਅਸ਼ਵਿਨ ਨੇ ਕਰੀਜ਼ ’ਤੇ ਪੈਰ ਜਮਾਏ, ਜਿਸ ਨਾਲ ਭਾਰਤ ਸੋਮਵਾਰ ਨੂੰ ਇਥੇ ਤੀਜਾ ਟੈਸਟ ਕ੍ਰਿਕਟ ਮੈਚ ਡਰਾਅ ਕਰਵਾ ਕੇ ਆਸਟ੍ਰੇਲੀਆ ’ਤੇ ਮਨੋ-ਵਿਗਿਆਨਿਕ ਵਾਧਾ ਹਾਸਲ ਕਰਨ ਵਿਚ ਸਫ਼ਲ ਰਿਹਾ। ਵਿਹਾਰੀ ਨੇ ਪੈਰ ਦੀਆਂ ਮਾਸਪੇਸ਼ੀਆਂ ਵਿਚ ਖਿਚਾਅ ਆਉਣ ਦੇ ਬਾਵਜੂਦ ਅਸ਼ਵਿਨ ਨਾਲ ਆਖ਼ਰੀ ਸਤਰ ਵਿਚ ਆਸਟ੍ਰੇਲੀਆਈ ਗੇਂਦਬਾਜ਼ਾਂ ਦੀ ਹਰ ਰਣਨੀਤੀ ਨੂੰ ਅਸਫ਼ਲ ਕਰ ਕੇ ਉਸ ਦੀ ਜਿੱਤ ਦੀਆਂ ਉਮੀਦਾਂ ’ਤੇ ਪਾਣੀ ਫੇਰਿਆ। ਹਨੁਮਾ ਨੇ ਲੱਗਭਗ ਚਾਰ ਘੰਟੇ ਕਰੀਜ਼ ’ਤੇ ਟਿਕ ਕੇ ਅਪਣੀਆਂ ਅਜੇਤੂ 23 ਦੌੜਾਂ ਲਈ 161 ਗੇਂਦਾਂ ਖੇਡੀਆਂ, ਜਦੋਂਕਿ ਅਸ਼ਵਿਨ ਨੇ 128 ਗੇਂਦਾਂ ’ਤੇ ਅਜੇਤੂ 38 ਦੌੜਾਂ ਬਣਾਈਆਂ। ਦੋਹਾਂ ਨੇ ਲੱਗਭਗ 42 ਓਵਰਾਂ ਦਾ ਸਾਹਮਣਾ ਕਰ ਕੇ ਛੇਵੇਂ ਵਿਕਟ ਲਈ 62 ਦੌੜਾਂ ਜੋੜੀਆਂ। ਇਸ ਤੋਂ ਪਹਿਲਾਂ ਪੁਜਾਰਾ ਨੇ 205 ਗੇਂਦਾਂ ’ਤੇ 77 ਦੌੜਾਂ ਬਣਾਈਆਂ ਸਨ, ਜਦੋਂਕਿ ਵਿਹਾਰੀ ਤੋਂ ਪਹਿਲਾਂ ਬੱਲੇਬਾਜ਼ੀ ਲਈ ਭੇਜੇ ਗਏ ਪੰਤ ਨੇ ਹਮਲਾਵਰ ਅੰਦਾਜ਼ ਦਿਖਾ ਕੇ 118 ਗੇਂਦਾਂ ’ਤੇ 12 ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 97 ਦੌੜਾਂ ਬਣਾਈਆਂ। ਇਨ੍ਹਾਂ ਦੋਹਾਂ ਨੇ ਚੌਥੇ ਵਿਕਟ ਲਈ 148 ਦੌੜਾਂ ਜੋੜੀਆਂ। ਭਾਰਤ ਨੇ 407 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਅੰਤ ਵਿਚ 131 ਓਵਰਾਂ ਵਿਚ ਪੰਜ ਵਿਕਟਾਂ ਦੇ ਨੁਕਸਾਨ ’ਤੇ 334 ਦੌੜਾਂ ਬਣਾਈਆਂ। ਜਦੋਂ ਮੈਚ ਵਿਚ ਇਕ ਓਵਰ ਬਚਿਆ ਸੀ ਉਦੋਂ ਦੋਹਾਂ ਟੀਮਾਂ ਡਰਾਅ ’ਤੇ ਸਹਿਮਤ ਹੋ ਗਈਆਂ। (ਪੀਟੀਆਈ)