
ਪੰਜਾਬ ਅੰਦਰ ਬਿਜਲੀ ਦੀ ਖਪਤ ਦਾ ਅੰਕੜਾ 5476 ਮੈਗਾਵਾਟ ਉਤੇ ਟਿਕਿਆ
ਬਿਜਲੀ ਨਿਗਮ ਅਪਣੇ ਤਾਪ ਬਿਜਲੀ ਘਰ ਬੰਦ ਕਰ ਕੇ ਨਿਜੀ ਤਾਪ ਬਿਜਲੀ ਘਰਾਂ ਤੋਂ ਖ਼ਰੀਦ ਰਿਹੈ ਬਿਜਲੀ
ਪਟਿਆਲਾ, 11 ਜਨਵਰੀ (ਜਸਪਾਲ ਸਿੰਘ ਢਿੱਲੋਂ) : ਪੰਜਾਬ ਅੰਦਰ ਇਸ ਵੇਲੇ ਮੌਸਮ ’ਚ ਠੰਢ ਦਾ ਪ੍ਰਕੋਪ ਜਾਰੀ ਹੈ। ਇਸ ਨਾਲ ਹੀ ਰਾਜ ਅੰਦਰ ਬਿਜਲੀ ਦੀ ਖਪਤ ਦਾ ਅੰਕੜਾ 5476 ਮੈਗਾਵਾਟ ਤਕ ਅਟਕਿਆ ਹੋਇਆ ਹੈ। ਬਿਜਲੀ ਨਿਗਮ ਨੂੰ ਪਿਛਲੀ ਸਰਕਾਰ ਦੇ ਲੰਬੇ ਸਮੇਂ ਦੇ ਕੀਤੇ ਗਏ ਸਮਝੌਤਿਆਂ ਕਾਰਨ ਨਿਜੀ ਤਾਪ ਬਿਜਲੀ ਘਰਾਂ ਤੋਂ ਬਿਜਲੀ ਖ਼ਰੀਦਣੀ ਪੈ ਰਹੀ ਹੈ ਪਰ ਅਪਣੇ ਤਾਪ ਬਿਜਲੀ ਘਰ ਇਸ ਵੇਲੇ ਬੰਦ ਰੱਖੇ ਹੋਏ ਹਨ।
ਪੰਜਾਬ ਅੰਦਰ ਸਥਿਤ ਨਿਜੀ ਖੇਤਰ ਦੇ ਤਾਪ ਬਿਜਲੀ ਘਰਾਂ ਤੋਂ 2377 ਮੈਗਾਵਾਟ ਬਿਜਲੀ ਪ੍ਰਪਾਤ ਹੋ ਰਹੀ ਹੈ। ਇਸ ਵਿਚ ਤਲਵੰਡੀ ਸਾਬੋ ਦੇ ਵਣਾਵਾਲੀ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 1061 ਮੈਗਾਵਾਟ ਅਤੇ ਰਾਜਪੁਰਾ ਦੇ ਨਲਾਸ ਤਾਪ ਬਿਜਲੀ ਘਰ ਦੇ ਦੋ ਯੂਨਿਟਾਂ ਤੋਂ 1315 ਮੈਗਾਵਾਟ, ਨਿਜੀ ਖੇਤਰ ਦੇ ਜੀਵੀਕੇ ਤਾਪ ਬਿਜਲੀ ਘਰ ਤੋਂ ਹਾਲ ਦੀ ਘੜੀ ਕੋਈ ਵੀ ਬਿਜਲੀ ਉਤਪਾਦਨ ਨਹੀਂ ਹੋ ਰਿਹਾ। ਇਸ ਨਾਲ ਹੀ ਬਿਜਲੀ ਨਿਗਮ ਦੇ ਅਪਣੇ ਸਰਕਾਰੀ ਤਾਪ ਬਿਜਲੀ ਘਰ ਹਾਲ ਦੀ ਘੜੀ ਬੰਦ ਰੱਖੇ ਹੋਏ ਹਨ। ਤਰਕ ਇਹ ਦਿਤਾ ਗਿਆ ਹੈ ਹਾਲ ਦੀ ਘੜੀ ਬਿਜਲੀ ਦੀ ਮੰਗ ਘਟੀ ਹੋਈ ਹੈ, ਪਰ ਬਿਜਲੀ ਨਿਗਮ ਗਰਮੀ ਦੇ ਸੀਜ਼ਨ ਨਾਲ ਨਿਪਟਣ ਲਈ ਸਰਕਾਰੀ ਤਾਪ ਬਿਜਲੀ ਘਰਾਂ ਦੀ ਤਿਆਰੀ ਕੀਤੀ ਜਾ ਰਹੀ ਹੈ।
ਪੰਜਾਬ ਦੇ ਪਣ ਬਿਜਲੀ ਘਰ ਵੀ ਬਿਜਲੀ ਦੀ ਖਪਤ ਦੀ ਪੂਰਤੀ ਲਈ ਪੂਰਾ ਯੋਗਦਾਨ ਪਾਇਆ ਜਾ ਰਿਹਾ ਹੈ। ਪਣ ਬਿਜਲੀ ਘਰਾਂ 309 ਮੈਗਾਵਾਟ ਬਿਜਲੀ ਪ੍ਰਾਪਤ ਹੋ ਰਹੀ ਹੈ। ਇਸ ਵਿਚ ਰਣਜੀਤ ਸਾਗਰ ਡੈਮ ਦੇ ਇਕ ਯੁਨਿਟ ਤੋਂ 109 ਮੈਗਾਵਾਟ, ਅਪਰਬਾਰੀ ਦੁਆਬ ਕੈਨਾਲ ਪ੍ਰਾਜੈਕਟ ਤੋਂ 47 ਮੈਗਾਵਾਟ, ਮੁਕੇਰੀਆਂ ਪਣ ਬਿਜਲੀ ਘਰ ਦੇ ਪ੍ਰਾਜੈਕਟਾਂ ਤੋਂ 140 ਮੈਗਾਵਾਟ, ਅਤੇ ਹਿਮਾਚਲ ਪ੍ਰਦੇਸ਼ ਦੇ ਸ਼ਾਨਨ ਪਣ ਬਿਜਲੀ ਘਰ ਤੋਂ 13 ਮੈਗਾਵਾਟ ਬਿਜਲੀ ਦਾ ਯੋਗਦਾਨ ਪਾਇਆ ਜਾ ਰਿਹਾ ਹੈ। ਬਿਜਲੀ ਨਿਗਮ ਦੇ ਇਕ ਬੁਲਾਰੇ ਨੇ ਆਖਿਆ ਹੈ ਹਰ ਖਪਤਕਾਰ ਨੂੰ ਬਿਜਲੀ ਸੰਜਮ ਨਾਲ ਵਰਤਣੀ ਚਾਹੀਦੀ ਹੈ।