
ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਮਗਰੋਂ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ।
ਮੁਹਾਲੀ: ਪੰਜਾਬ ਵਿਧਾਨ ਸਭਾ ਚੋਣਾਂ ਦਾ ਐਲਾਨ ਹੋਣ ਮਗਰੋਂ ਅੱਜ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ। ਇਸ ਦੌਰਾਨ ਮੋਹਾਲੀ ਵਿਖੇ ਪੱਤਰਾਕਾਰਾਂ ਨਾਲ ਗੱਲਬਾਤ ਦੌਰਾਨ ਉਹਨਾਂ ਦੱਸਿਆ ਕਿ 'ਆਪ' ਦੇ ਸੱਤਾ 'ਚ ਆਉਣ 'ਤੇ ਪੰਜਾਬ ਨੂੰ ਵਿਕਸਤ ਅਤੇ ਖੁਸ਼ਹਾਲ ਬਣਾਉਣ ਲਈ 10 ਸੂਤਰੀ 'ਪੰਜਾਬ ਮਾਡਲ' ਤਿਆਰ ਕੀਤਾ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਅਸੀਂ ਅਜਿਹਾ ਖੁਸ਼ਹਾਲ ਪੰਜਾਬ ਬਣਾਵਾਂਗੇ ਕਿ ਰੁਜ਼ਗਾਰ ਲਈ ਕੈਨੇਡਾ ਗਏ ਨੌਜਵਾਨ ਅਗਲੇ 5 ਸਾਲਾਂ 'ਚ ਵਾਪਸ ਪੰਜਾਬ ਆ ਜਾਣਗੇ।
10 ਸੂਤਰੀ 'ਪੰਜਾਬ ਮਾਡਲ' ਦੇ ਏਜੰਡੇ
-ਪੰਜਾਬ ਵਿਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਜਾਣਗੇ
-ਪੰਜਾਬ ਨੂੰ ਨਸ਼ਾ ਮੁਕਤ ਕੀਤਾ ਜਾਵੇਗਾ
-ਪੰਜਾਬ ਵਿਚ ਕਾਨੂੰਨ-ਵਿਵਸਥਾ ਕਾਇਮ ਕੀਤੀ ਜਾਵੇਗੀ
-ਭ੍ਰਿਸ਼ਟਾਚਾਰ ਮੁਕਤ ਪੰਜਾਬ ਬਣਾਇਆ ਜਾਵੇਗਾ
-ਸਿੱਖਿਆ ਪ੍ਰਣਾਲੀ ਨੂੰ ਬਣਾਇਆ ਜਾਵੇਗਾ ਸ਼ਾਨਦਾਰ
-ਸਿਹਤ ਸਹੂਲਤਾਂ ਵਿਚ ਕੀਤਾ ਜਾਵੇਗਾ ਸੁਧਾਰ
-ਮੁਫ਼ਤ ਅਤੇ 24 ਘੰਟੇ ਬਿਜਲੀ ਦਿੱਤੀ ਜਾਵੇਗੀ
-18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ ਦਿੱਤੇ ਜਾਣਗੇ 1000-1000 ਰੁਪਏ
-ਖੇਤੀਬਾੜੀ ਸਬੰਧੀ ਮੁੱਦਿਆਂ ਦਾ ਹੱਲ ਕੀਤਾ ਜਾਵੇਗਾ
-ਵਪਾਰ ਅਤੇ ਇੰਡਸਟਰੀ ਵਿਚ ਕੀਤਾ ਜਾਵੇਗਾ ਸੁਧਾਰ
ਟਿਕਟ ਵੇਚਣ ਦੇ ਇਲਜ਼ਾਮਾਂ ’ਤੇ ਅਰਵਿੰਦ ਕੇਜਰੀਵਾਲ ਦਾ ਬਿਆਨ
ਆਮ ਆਦਮੀ ਪਾਰਟੀ ’ਤੇ ਟਿਕਟਾਂ ਵੇਚਣ ਦੇ ਇਲਜ਼ਾਮਾਂ ਬਾਰੇ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਅਸੀਂ ਨਾ ਤਾਂ ਟਿਕਟਾਂ ਵੇਚਦੇ ਹਾਂ ਅਤੇ ਨਾ ਹੀ ਖਰੀਦਦੇ ਹਾਂ। ਸਾਡੇ ਵਲੋਂ ਇਕ ਵੀ ਟਿਕਟ ਨਹੀਂ ਵੇਚੀ ਗਈ, ਜੇਕਰ ਕੋਈ ਸਬੂਤ ਸਮੇਤ ਸਾਬਿਤ ਕਰ ਦੇਵੇਗਾ ਕਿ ਕਿਸੇ ਨੇ ਟਿਕਟ ਵੇਚੀ ਜਾਂ ਖਰੀਦੀ ਹੈ ਤਾਂ 24 ਘੰਟਿਆਂ ਵਿਚ ਉਸ ਨੂੰ ਪਾਰਟੀ ’ਚੋਂ ਕੱਢ ਦੇਵਾਂਗਾ। ਮੈਂ ਉਹਨਾਂ ਨੂੰ ਛੱਡਾਂਗਾ ਨਹੀਂ, ਜੇਲ੍ਹ ਭੇਜ ਕੇ ਰਹਾਂਗਾ। ਕੇਜਰੀਵਾਲ ਨੇ ਕਿਹਾ ਕਿ ਮੈਂ ਕੁਝ ਵੀ ਬਰਦਾਸ਼ਤ ਕਰ ਸਕਦਾ ਹਾਂ ਪਰ ਭ੍ਰਿਸ਼ਟਾਚਾਰ ਨਹੀਂ ਬਰਦਾਸ਼ਤ ਕਰ ਸਕਦਾ। ਜੇਕਰ ਕਿਸੇ ਪਾਰਟੀ ਨੇ AAP ’ਤੇ ਝੂਠੇ ਆਰੋਪ ਲਗਾਏ ਤਾਂ ਉਸ ਨੂੰ ਵੀ ਬਖ਼ਸ਼ਿਆ ਨਹੀਂ ਜਾਵੇਗਾ।
ਕਿਉਂ ਨਹੀਂ ਹੋ ਸਕਿਆ AAP ਅਤੇ ਬਲਬੀਰ ਸਿੰਘ ਰਾਜੇਵਾਲ ਵਿਚਾਲੇ ਗਠਜੋੜ?
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨਾਲ ਗਠਜੋੜ ਨਾ ਹੋਣ ਸਬੰਧੀ ਸਵਾਲ ਦਾ ਜਵਾਬ ਦਿੰਦਿਆਂ ਕੇਜਰੀਵਾਲ ਨੇ ਕਿਹਾ ਕਿ ਬਲਬੀਰ ਸਿੰਘ ਰਾਜੇਵਾਲ ਨੂੰ ਕਿਸੇ ਨੇ ਗੁੰਮਰਾਹ ਕੀਤਾ ਸੀ। ਉਹਨਾਂ ਦੱਸਿਆ, “ਰਾਜੇਵਾਲ ਸਾਬ੍ਹ ਮੇਰੇ ਘਰ ਆਏ ਸੀ, ਉਦੋਂ ਤੱਕ ਅਸੀਂ 90 ਉਮੀਦਵਾਰ ਐਲ਼ਾਨ ਚੁੱਕੇ ਸੀ ਪਰ ਉਹਨਾਂ ਨੇ 60 ਟਿਕਟਾਂ ਮੰਗੀਆਂ। ਮੈਂ ਕਿਹਾ ਕਿ ਸਾਰੀ ਪਾਰਟੀ ਹੀ ਤੁਹਾਡੀ ਹੈ, ਜਿਨ੍ਹਾਂ ਨੂੰ ਟਿਕਟਾ ਦਿੱਤੀਆਂ ਉਹ ਵੀ ਕਿਸਾਨਾਂ ਦੇ ਬੱਚੇ ਹਨ ਅਤੇ ਉਹਨਾਂ ਦੀਆਂ ਟਿਕਟਾਂ ਕੱਟਣਾ ਸਹੀ ਨਹੀਂ ਹੋਵੇਗਾ। ਸੀਟਾਂ ਦੀ ਵੰਡ ਨੂੰ ਲੈ ਕੇ ਸਾਡੀ ਸਹਿਮਤੀ ਨਹੀਂ ਬਣੀ”।