''ਛੱਤੀਸਗੜ੍ਹ ਤੋਂ 2, ਮੁਹਾਲੀ ਤੋਂ 2, ਤਰਨਤਾਰਨ ਤੋਂ 3 ਮੁਲਜ਼ਮ ਕੀਤੇ ਕਾਬੂ''--DGP ਗੌਰਵ ਯਾਦਵ
ਅੰਮ੍ਰਿਤਸਰ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸਰਪੰਚ ਜਰਮਲ ਸਿੰਘ ਦੇ ਕਤਲ ਮਾਮਲੇ ਸਬੰਧੀ ਡੀਜੀਪੀ ਗੌਰਵ ਯਾਦਵ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਵੱਡੇ ਖੁਲਾਸੇ ਕੀਤੇ। ਡੀਜੀਪੀ ਨੇ ਕਿਹਾ ਕਿ ਸਰਪੰਚ ਕਤਲ ਮਾਮਲੇ ਵਿੱਚ ਸੱਤ ਗ੍ਰਿਫ਼ਤਾਰੀਆਂ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਛੱਤੀਸਗੜ੍ਹ ਦੇ ਰਾਏਪੁਰ ਤੋਂ ਦੋ, ਮੋਹਾਲੀ ਤੋਂ ਦੋ ਅਤੇ ਤਰਨਤਾਰਨ ਤੋਂ ਤਿੰਨ ਸ਼ਾਮਲ ਹਨ।
ਡੀਜੀਪੀ ਨੇ ਕਿਹਾ ਕਿ ਰਾਏਪੁਰ ਤੋਂ ਫੜੇ ਗਏ ਤਰਨਤਾਰਨ ਦੇ ਰਹਿਣ ਵਾਲੇ ਸੁਖਰਾਜ ਸਿੰਘ ਅਤੇ ਗੁਰਦਾਸਪੁਰ ਦੇ ਰਹਿਣ ਵਾਲੇ ਕਰਮਜੀਤ ਸਿੰਘ ਨੇ ਸਰਪੰਚ ਨੂੰ ਗੋਲੀ ਮਾਰੀ ਸੀ। ਜੋਬਨਜੀਤ ਸਿੰਘ ਨਾਂ ਦੇ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਤੋਂ ਬਾਅਦ, ਸੋਮਵਾਰ ਸਵੇਰੇ ਪੁਲਿਸ ਨੇ ਕੁਲਵਿੰਦਰ ਸਿੰਘ ਕਿੰਦਾ, ਅਰਮਾਨਦੀਪ ਸਿੰਘ ਅਤੇ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ।
ਦੱਸਿਆ ਗਿਆ ਸੀ ਕਿ ਰਾਏਪੁਰ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮਾਂ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ 14 ਦਿਨਾਂ ਦੇ ਟਰਾਂਜ਼ਿਟ ਰਿਮਾਂਡ 'ਤੇ ਲਿਆ ਗਿਆ। ਉਨ੍ਹਾਂ ਨੂੰ ਹਵਾਈ ਜਹਾਜ਼ ਰਾਹੀਂ ਪੰਜਾਬ ਲਿਆਂਦਾ ਜਾ ਰਿਹਾ ਹੈ। ਡੀਜੀਪੀ ਨੇ ਇਹ ਵੀ ਕਿਹਾ ਕਿ ਵਿਦੇਸ਼ ਵਿੱਚ ਸਥਿਤ ਹੈਂਡਲਰ ਨੇ ਇਹ ਵਾਰਦਾਤ ਕਰਵਾਈ ਸੀ।
ਦੱਸ ਦੇਈਏ ਕਿ ਤਰਨਤਾਰਨ ਇਲਾਕੇ ਦੇ ਵਸਨੀਕ ਸਰਪੰਚ ਜਰਮਲ ਸਿੰਘ ਦਾ 4 ਜਨਵਰੀ ਨੂੰ ਇਕ ਵਿਆਹ ਸਮਾਗਮ ਦੌਰਾਨ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ, ਦੋ ਸ਼ੂਟਰ ਛੱਤੀਸਗੜ੍ਹ ਭੱਜ ਗਏ ਅਤੇ ਰਾਏਪੁਰ ਵਿੱਚ ਰਿਸ਼ਤੇਦਾਰਾਂ ਦੇ ਘਰਾਂ ਵਿੱਚ ਲੁਕ ਗਏ। ਐਤਵਾਰ ਨੂੰ ਰਾਏਪੁਰ ਅਤੇ ਪੰਜਾਬ ਪੁਲਿਸ ਨੇ ਦੋਵਾਂ ਸ਼ੂਟਰਾਂ ਨੂੰ ਗ੍ਰਿਫ਼ਤਾਰ ਕਰ ਲਿਆ।
'
