ਜ਼ਖਮੀ ਹੋਏ 2 ਨੌਜਵਾਨਾਂ ਨੂੰ ਹਸਪਤਾਲ ’ਚ ਕਰਵਾਇਆ ਭਰਤੀ, ਪੁਲਿਸ ਵੱਲੋਂ ਆਰੋਪੀਆਂ ਕੀਤੀ ਜਾ ਰਹੀ ਭਾਲ
ਬਰਨਾਲਾ : ਬਰਨਾਲਾ ਦੇ ਯੂਨੀਵਰਸਿਟੀ ਕਾਲਜ ਨੇੜੇ ਸੰਧੂ ਪੱਟੀ ਇਲਾਕੇ ਵਿੱਚ ਬੀਤੀ ਰਾਤ ਕੁਝ ਅਣਪਛਾਤੇ ਲੋਕਾਂ ਨੇ ਇੱਕ ਘਰ ਵਿੱਚ ਦਾਖਲ ਹੋ ਕੇ ਗੋਲੀਆਂ ਚਲਾਈਆਂ, ਜਿਸ ਵਿੱਚ ਦੋ ਵਿਅਕਤੀ ਗੰਭੀਰ ਜ਼ਖਮੀ ਹੋ ਗਏ। ਇੱਕ ਹੋਰ ਨੌਜਵਾਨ ਨੂੰ ਵੀ ਗੋਲੀ ਲੱਗੀ । ਪੰਜ ਤੋਂ ਛੇ ਗੋਲੀਆਂ ਲੱਗਣ ਤੋਂ ਬਾਅਦ ਦੋ ਨੌਜਵਾਨਾਂ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਉਨ੍ਹਾਂ ਨੂੰ ਬਰਨਾਲਾ ਦੇ ਸਰਕਾਰੀ ਹਸਪਤਾਲ ਤੋਂ ਬਠਿੰਡਾ ਦੇ ਏਮਜ਼ ਵਿੱਚ ਤਬਦੀਲ ਕਰ ਦਿੱਤਾ ਗਿਆ।
ਸਰਕਾਰੀ ਹਸਪਤਾਲ ਵਿੱਚ ਰੋਂਦੇ ਹੋਏ ਪੀੜਤ ਦੀ ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਹ ਪੰਜਾਬ ਪੁਲਿਸ ਵਿੱਚ ਹੋਮ ਗਾਰਡ ਕਰਮਚਾਰੀ ਹੈ । ਉਹ ਆਪਣੇ ਘਰ ਵਿੱਚ ਸੌਂ ਰਹੀ ਸੀ ਜਦੋਂ ਤਿੰਨ ਨੌਜਵਾਨ ਗੇਟ ਤੋੜ ਕੇ ਅੰਦਰ ਦਾਖਲ ਹੋਏ ਅਤੇ ਕਮਰੇ ਵਿੱਚ ਸੌਂ ਰਹੇ ਉਸਦੇ ਪੁੱਤਰ 'ਤੇ ਗੋਲੀਆਂ ਚਲਾ ਦਿੱਤੀਆਂ। ਉਸ ਦਾ 22 ਸਾਲਾ ਪੁੱਤਰ ਆਕਾਸ਼ਦੀਪ ਗੰਭੀਰ ਜ਼ਖਮੀ ਹੋ ਗਿਆ। ਜਦੋਂ ਆਕਾਸ਼ਦੀਪ ਦਾ ਚਾਚਾ ਜ਼ਖਮੀ ਆਕਾਸ਼ਦੀਪ ਨੂੰ ਹਸਪਤਾਲ ਲੈ ਜਾ ਰਿਹਾ ਸੀ ਤਾਂ ਆਰੋਪੀਆਂ ਨੇ ਰਸਤੇ ਵਿੱਚ ਉਸ ਨੂੰ ਅਤੇ ਉਸਦੇ ਪੁੱਤਰ ਨੂੰ ਦੁਬਾਰਾ ਘੇਰ ਲਿਆ ਅਤੇ ਗੋਲੀਆਂ ਚਲਾ ਦਿੱਤੀਆਂ। ਆਕਾਸ਼ਦੀਪ ਦੇ ਚਾਚਾ ਮੱਖਣ ਸਿੰਘ ਦੇ ਹੱਥ ਵਿੱਚ ਦੋ ਗੋਲੀਆਂ ਲੱਗੀਆਂ।
ਮਾਂ ਸਰਬਜੀਤ ਕੌਰ ਨੇ ਦੱਸਿਆ ਕਿ ਉਸ ਨੂੰ ਪਹਿਲਾਂ ਵੀ ਧਮਕੀਆਂ ਮਿਲ ਰਹੀਆਂ ਸਨ ਅਤੇ ਉਸ ਨੇ ਕਈ ਵਾਰ ਪੁਲਿਸ ਕੋਲ ਸ਼ਿਕਾਇਤ ਕੀਤੀ ਸੀ, ਪਰ ਕੋਈ ਹੱਲ ਨਹੀਂ ਨਿਕਲਿਆ, ਜਿਸ ਕਾਰਨ ਇਹ ਵੱਡਾ ਨੁਕਸਾਨ ਹੋਇਆ। ਉਸਨੇ ਦੱਸਿਆ ਕਿ ਉਸਦੇ ਪੁੱਤਰ ਦੀ ਹਾਲਤ ਬਹੁਤ ਨਾਜ਼ੁਕ ਹੈ ਅਤੇ ਉਸ ਨੇ ਹਮਲਾਵਰਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਉਧਰ ਘਟਨਾ ਸਬੰਧੀ ਐਸ.ਐਚ.ਓ. ਚਰਨਜੀਤ ਸਿੰਘ ਨੇ ਦੱਸਿਆ ਕਿ ਕਿਸੇ ਝਗੜੇ ਕਾਰਨ ਦੂਜੀ ਧਿਰ ਨੇ ਘਰ ਵਿੱਚ ਦਾਖਲ ਹੋ ਕੇ ਗੋਲੀਬਾਰੀ ਕੀਤੀ, ਜਿਸ ਨਾਲ ਆਕਾਸ਼ਦੀਪ ਸਿੰਘ ਅਤੇ ਉਸਦੇ ਚਾਚਾ ਮੱਖਣ ਸਿੰਘ ਗੰਭੀਰ ਜ਼ਖਮੀ ਹੋ ਗਏ। ਇੱਕ ਹੋਰ ਗੋਲੀਬਾਰੀ ਦੀ ਘਟਨਾ ਵਿੱਚ ਅਰਵਿੰਦ ਕੁਮਾਰ ਵੀ ਗੰਭੀਰ ਜ਼ਖਮੀ ਹੋ ਗਿਆ। ਉਨ੍ਹਾਂ ਨੂੰ ਬਰਨਾਲਾ ਦੇ ਹਸਪਤਾਲ ਲਿਆਂਦਾ ਗਿਆ, ਅਤੇ ਆਕਾਸ਼ਦੀਪ ਅਤੇ ਅਰਵਿੰਦ ਕੁਮਾਰ ਨੂੰ ਬਠਿੰਡਾ ਰੈਫਰ ਕਰ ਦਿੱਤਾ ਗਿਆ। ਬਰਨਾਲਾ ਪੁਲਿਸ ਨੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰਨ ਲਈ ਵੱਖ-ਵੱਖ ਟੀਮਾਂ ਬਣਾਈਆਂ ਹਨ ਅਤੇ ਦੋਸ਼ੀਆਂ ਦੀ ਭਾਲ ਕਰ ਰਹੀ ਹੈ।
