ਪੰਜਾਬੀ ਗਾਇਕ ਗੁਲਾਬ ਸਿੱਧੂ 'ਤੇ ਹਮਲਾ ਕਰਨ ਦੀ ਰਚ ਰਹੇ ਸਨ ਸਾਜ਼ਿਸ਼: ਪੁਲਿਸ
ਬਰਨਾਲਾ: ਬਰਨਾਲਾ ਪੁਲਿਸ ਨੇ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਇੱਕ ਵੱਡੀ ਕਾਰਵਾਈ ਕਰਦੇ ਹੋਏ ਪੰਜਾਬੀ ਗਾਇਕ ਗੁਲਾਬ ਸਿੱਧੂ 'ਤੇ ਹਮਲਾ ਕਰਨ ਦੀ ਤਾਕ ਵਿੱਚ ਬੈਠੇ ਇੱਕ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਕਾਬੂ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਮੁਹੰਮਦ ਸਰਫਰਾਜ ਆਲਮ ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ 2 ਦੇ ਐਸਐਚਓ ਚਰਨਜੀਤ ਸਿੰਘ ਨੂੰ ਮੁਖਬਰ ਖ਼ਾਸ ਨੇ ਗੁਪਤ ਸੂਚਨਾ ਦਿੱਤੀ ਕਿ ਕੁਝ ਵਿਅਕਤੀਆਂ ਨੇ ਇੱਕ ਗਿਰੋਹ ਬਣਾਇਆ ਹੈ ਜੋ ਮਸ਼ਹੂਰ ਹਸਤੀਆਂ 'ਤੇ ਹਮਲਾ ਕਰਕੇ ਦਬਾਅ ਬਣਾ ਕੇ ਫਿਰੌਤੀਆਂ ਵਸੂਲਦੇ ਹਨ।
ਐਸਐਸਪੀ ਨੇ ਦੱਸਿਆ ਕਿ ਇਸ ਸੂਚਨਾ ਦੇ ਅਧਾਰ 'ਤੇ ਐਸਐਚਓ ਚਰਨਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਯੋਜਨਾਬੱਧ ਤਰੀਕੇ ਨਾਲ ਕਾਰਵਾਈ ਕਰਦੇ ਹੋਏ ਬਰਨਾਲਾ ਜ਼ਿਲ੍ਹੇ ਦੇ ਪਿੰਡ ਕੋਟਦੁੱਨਾ ਦੇ ਮੌਜੂਦਾ ਸਰਪੰਚ ਬਲਜਿੰਦਰ ਸਿੰਘ ਉਰਫ਼ ਕਿੰਦਾ, ਬਲਵਿੰਦਰ ਸਿੰਘ ਉਰਫ ਬਿੰਦਰ ਮਾਨ ਅਤੇ ਗੁਰਵਿੰਦਰ ਸਿੰਘ ਉਰਫ਼ ਗਿੱਲ ਨੂੰ ਮੋਗਾ-ਬਰਨਾਲਾ ਬਾਈਪਾਸ ਨੇੜੇ ਗ੍ਰਿਫਤਾਰ ਕੀਤਾ। ਐਸਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਇਹਨਾਂ ਵਿਅਕਤੀਆਂ ਕੋਲੋਂ ਇੱਕ ਦੇਸੀ ਪਿਸਤੌਲ .32 ਬੋਰ ਸਮੇਤ ਕਾਰਤੂਸ, ਇੱਕ ਡੰਮੀ ਪਿਸਤੌਲ, ਚਾਰ ਮੋਬਾਈਲ ਫੋਨ, ਇੱਕ ਲੱਕੜ ਦੀ ਲਾਠੀ ਅਤੇ ਇੱਕ ਸਵਿਫਟ ਕਾਰ ਵੀ ਬਰਾਮਦ ਕੀਤੀ ਹੈ। ਪੁਲਿਸ ਨੇ ਦਾਅਵਾ ਕੀਤਾ ਕਿ ਗ੍ਰਿਫ਼ਤਾਰ ਕੀਤੇ ਵਿਅਕਤੀਆਂ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਪ੍ਰਸਿੱਧ ਪੰਜਾਬੀ ਗਾਇਕ ਗੁਲਾਬ ਸਿੱਧੂ ਨੂੰ ਨਿਸ਼ਾਨਾ ਬਣਾਉਣ ਦੀ ਤਾਕ ਵਿੱਚ ਸਨ ਕਿਉਂਕਿ ਕੁਝ ਸਮਾਂ ਪਹਿਲਾਂ ਗੁਲਾਬ ਸਿੱਧੂ ਵੱਲੋਂ ਸਰਪੰਚਾਂ ਸੰਬੰਧੀ ਗਾਏ ਇੱਕ ਗੀਤ ਤੋਂ ਕੋਟਦੁੱਨਾ ਪਿੰਡ ਦਾ ਸਰਪੰਚ ਗੁਲਾਬ ਸਿੱਧੂ ਨਾਲ ਰੰਜਿਸ਼ ਰੱਖਦਾ ਸੀ ਅਤੇ ਉਸ ਨੇ ਗੁਲਾਬ ਸਿੱਧੂ ਖ਼ਿਲਾਫ਼ ਇੱਕ ਧਮਕੀ ਭਰੀ ਇੱਕ ਵੀਡੀਓ ਵੀ ਅਪਲੋਡ ਕੀਤੀ ਸੀ।
ਐਸਐਸਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਉਕਤ ਵਿਅਕਤੀ ਗੁਲਾਬ ਸਿੱਧੂ 'ਤੇ ਹਮਲਾ ਕਰਕੇ ਆਪਣਾ ਦਬਦਬਾ ਬਣਾਉਣਾ ਚਾਹੁੰਦੇ ਸਨ ਅਤੇ ਹੋਰ ਪ੍ਰਸਿੱਧ ਹਸਤੀਆਂ ਤੇ ਵਪਾਰੀਆਂ ਤੋਂ ਫਿਰੌਤੀ ਵਸੂਲਣਾ ਚਾਹੁੰਦੇ ਸਨ। ਪੁਲਿਸ ਵੱਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਦੋਸ਼ੀ ਬਲਜਿੰਦਰ ਸਿੰਘ ਉਰਫ਼ ਕਿੰਦਾ ਤੇ ਪਹਿਲਾਂ ਵੀ ਵੱਖ-ਵੱਖ ਧਾਰਾਵਾਂ ਤਹਿਤ ਵੱਖ-ਵੱਖ ਥਾਣਿਆਂ ਵਿੱਚ 12 ਮੁਕੱਦਮੇ ਦਰਜ ਹਨ ਜਦਕਿ ਗੁਰਵਿੰਦਰ ਸਿੰਘ ਗਿੱਲ 'ਤੇ ਦੋ ਮੁਕੱਦਮੇ ਅਤੇ ਬਲਵਿੰਦਰ ਸਿੰਘ 'ਤੇ ਇੱਕ ਮੁਕੱਦਮਾ ਦਰਜ ਹੈ। ਪ੍ਰੈਸ ਕਾਨਫਰੰਸ ਦੌਰਾਨ ਨੇ ਅਸ਼ੋਕ ਕੁਮਾਰ ਐਸਪੀ ਡੀ, ਸਤਬੀਰ ਸਿੰਘ ਬੈਂਸ ਡੀਐਸਪੀ ਬਰਨਾਲਾ ਅਤੇ ਐਸਐਚਓ ਚਰਨਜੀਤ ਸਿੰਘ ਵੀ ਹਾਜ਼ਰ ਸਨ।
