
ਕਾਂਗਰਸ ਨੇ ਪੰਜਾਬ ਪ੍ਰਧਾਨ ਦੀ ਅਗਵਾਈ ਹੇਠ ਅਬੋਹਰ ਵਿਖੇ ਕੀਤਾ ਰਾਜ ਪਧਰੀ ਰੋਸ ਮੁਜ਼ਾਹਰਾ
ਅਬੋਹਰ, 11 ਫ਼ਰਵਰੀ (ਤੇਜਿੰਦਰ ਸਿੰਘ ਖ਼ਾਲਸਾ) : ਕਾਂਗਰਸ ਪਾਰਟੀ ਵਲੋਂ ਅੱਜ ਕੇਂਦਰ ਸਰਕਾਰ ਵਲੋਂ ਤੇਲ, ਰਸੋਈ ਗੈਸ ਅਤੇ ਹੋਰ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵਿਚ ਕੀਤੇ ਜਾ ਰਹੇ ਬੇਤਹਾਸ਼ਾ ਵਾਧੇ ਵਿਰੁਧ ਰਾਜ ਪਧਰੀ ਰੋਸ ਧਰਨਾ ਦਿਤਾ ਗਿਆ | ਇਸ ਵਿਚ ਵੱਖ-ਵੱਖ ਵਾਰਡਾਂ ਤੋਂ ਛੋਟੇ ਜਲੂਸਾਂ ਦੀ ਸ਼ਕਲ 'ਚ ਆਏ ਹਜ਼ਾਰਾਂ ਨਗਰ ਵਾਸੀਆਂ ਨੇ ਸ਼ਿਰਕਤ ਕੀਤੀ |
ਇਸ ਮੌਕੇ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੇ ਮੋਦੀ ਸਰਕਾਰ ਦੀਆਂ ਨੀਤੀਆਂ ਤੇ ਜ਼ੋਰਦਾਰ ਹਮਲਾ ਕਰਦਿਆਂ ਕਿਹਾ ਕਿ ਇਸ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਕਾਰਨ ਅੱਜ ਸਮਾਜ ਦਾ ਹਰ ਵਰਗ ਦੁਖੀ ਹੈ | ਜਾਖੜ ਨੇ ਕਿਹਾ ਕਿ 2014 ਵਿਚ ਜਦ ਕਾਂਗਰਸ ਨੇ ਕੇਂਦਰ ਸਰਕਾਰ ਛੱਡੀ ਸੀ ਤਾਂ ਅੰਤਰਰਾਸ਼ਟਰੀ ਮੰਡੀ ਵਿਚ ਕੱਚੇ ਤੇਲ ਦੀ ਕੀਮਤ 104 ਡਾਲਰ ਪ੍ਰਤੀ ਬੈਰਲ ਸੀ ਅਤੇ ਹੁਣ ਇਹ ਲਗਭਗ 60 ਡਾਲਰ ਪ੍ਰਤੀ ਬੈਰਲ ਹੈ ਫਿਰ ਵੀ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ | ਨਤੀਜੇ ਵਜੋਂ ਇਕੱਲੇ ਪੰਜਾਬ ਦੇ ਖੱਪਤਰਕਾਰਾਂ ਤੇ ਹਰ ਮਹੀਨੇ 750 ਕਰੋੜ ਦਾ ਵਾਧੂ ਆਰਥਕ ਭਾਰ ਪੈ ਰਿਹਾ ਹੈ | ਜਾਖੜ ਨੇ ਕਿਹਾ ਕਿ ਰਸੋਈ ਗੈਸ ਦੀ ਕੀਮਤ ਵਿਚ ਵੀ ਮੋਦੀ ਸਰਕਾਰ ਨੇ ਅਥਾਹ ਵਾਧਾ ਕੀਤਾ ਹੈ ਜਦਕਿ ਸਿਲੰਡਰ 'ਤੇ ਮਿਲਣ ਵਾਲੀ ਸਬਸਿਡੀ ਵਿਚ 2014 ਦੇ ਮੁਕਾਬਲੇ 90 ਫ਼ੀ ਸਦੀ ਤਕ ਕਟੌਤੀ ਕਰ ਦਿਤੀ ਹੈ |
ਯੂਪੀਏ ਸਰਕਾਰ ਦੇ ਸਮੇਂ ਦੀ ਸਥਿਤੀ ਅਨੁਸਾਰ ਗੈਸ ਸਿਲੰਡਰ ਦੀ ਕੀਮਤ ਹੁਣ 350 ਰੁਪਏ ਹੋਣੀ ਚਾਹੀਦੀ ਸੀ ਜਿਹੜੀ ਕਿ 750 ਰੁਪਏ ਵਸੂਲ ਕੀਤੀ ਜਾ ਰਹੀ ਹੈ |
ਫ਼ੋਟੋ : ਅਬੋਹਰ ਖ਼ਾਲਸਾ-1, 1 ਏ