
ਅਧਿਕਾਰੀਆਂ ਨੇ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਵਿਚ ਲਾਈ ਸੀ ਅਗਾਉਂ ਜ਼ਮਾਨਤ ਦੀ ਅਰਜ਼ੀ
ਕੋਟਕਪੂਰਾ (ਗੁਰਿੰਦਰ ਸਿੰਘ) : ਬਹਿਬਲ ਗੋਲੀਕਾਂਡ ’ਚ ਮੁਲਜ਼ਮ ਵਜੋਂ ਨਾਮਜ਼ਦ ਹੋਣ ਤੋਂ ਬਾਅਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਮੁਅੱਤਲੀ ਅਧੀਨ ਆਈ.ਜੀ. ਪਰਮਰਾਜ ਸਿੰਘ ਉਮਰਾਨੰਗਲ ਨੇ ਇਥੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਦੀ ਅਦਾਲਤ ਵਿਚ ਚਲਦੇੇ ਮੁਕੱਦਮੇ ਤਕ ਅਗਾਊਂ ਜ਼ਮਾਨਤ ਦੀ ਅਰਜ਼ੀ ਲਾ ਕੇ ਗ੍ਰਿਫ਼ਤਾਰੀ ਉਪਰ ਰੋਕ ਲਾਉਣ ਦੀ ਮੰਗ ਕੀਤੀ ਸੀ ਜਿਸ ’ਤੇ ਸੈਸ਼ਨ ਜੱਜ ਸੁਮੀਤ ਮਲਹੋਤਰਾ ਨੇ ਦੋਹਾਂ ਧਿਰਾਂ ਦੀ ਲੰਮੀ ਬਹਿਸ ਸੁਣਨ ਉਪਰੰਤ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿਤੀ ਹੈ।
Sumedh Saini
ਜਾਣਕਾਰੀ ਅਨੁਸਾਰ 15 ਜਨਵਰੀ ਨੂੰ ਐਸਆਈਟੀ ਵਲੋਂ ਸੁਮੇਧ ਸੈਣੀ ਅਤੇ ਉਮਰਾਨੰਗਲ ਵਿਰੁਧ ਜੁਡੀਸ਼ੀਅਲ ਮੈਜਿਸਟ੍ਰੇਟ ਸੁਰੇਸ਼ ਕੁਮਾਰ ਦੀ ਅਦਾਲਤ ਵਿਚ ਚਲਾਨ ਪੇਸ਼ ਕੀਤਾ ਜਿਸ ’ਤੇ ਇਨ੍ਹਾਂ ਦੋਹਾਂ ਅਧਿਕਾਰੀਆਂ ਨੂੰ ਸੰਮਨ ਕਰ ਕੇ ਅਦਾਲਤ ਸਾਹਮਣੇ ਪੇਸ਼ ਹੋਣ ਲਈ ਹੁਕਮ ਕੀਤਾ ਗਿਆ ਸੀ, ਜਿਸ ’ਤੇ ਇਨ੍ਹਾਂ ਦੋਹਾਂ ਅਧਿਕਾਰੀਆਂ ਨੇ ਅਪਣੀ ਗ੍ਰਿਫ਼ਤਾਰੀ ਤੋਂ ਬਚਣ ਲਈ ਅਦਾਲਤ ਵਿਚ ਅਗਾਉਂ ਜ਼ਮਾਨਤ ਦੀ ਅਰਜ਼ੀ ਲਾ ਦਿਤੀ ਪਰ ਇਹ ਦੋਵੇਂ ਅਧਿਕਾਰੀ ਅਦਾਲਤ ਸਾਹਮਣੇ ਪੇਸ਼ ਨਹੀਂ ਹੋਏ।
IG Umranangal
ਸਰਕਾਰ ਨੇ ਅਦਾਲਤ ਵਿਚ ਇਨ੍ਹਾਂ ਦੋਵਾਂ ਪੁਲਿਸ ਅਧਿਕਾਰੀਆਂ ਦੀ ਅਗਾਊਂ ਜ਼ਮਾਨਤ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ ਮੁਲਜ਼ਮ ਪੁਲਿਸ ਅਧਿਕਾਰੀਆਂ ਵਲੋਂ ਅਦਾਲਤ ਵਿਚ ਦਿਤੀ ਅਰਜ਼ੀ ਕਾਨੂੰਨ ਮੁਤਾਬਕ ਸੁਣਵਾਈਯੋਗ ਨਹੀ ਹੈ, ਇਨ੍ਹਾਂ ਦੀ ਅਗਾਊਂ ਜ਼ਮਾਨਤ ਹੋਣ ਨਾਲ ਇਹ ਕਿਸੇ ਸਮੇਂ ਵੀ ਗਵਾਹਾਂ ਨੂੰ ਮੁਕਰਾਅ ਸਕਦੇ ਹਨ।
SIT
ਐਸਆਈਟੀ ਨੇ ਲੰਬੀ ਪੜਤਾਲ ਤੋਂ ਬਾਅਦ ਸੁਮੇਧ ਸੈਣੀ ਅਤੇ ਉਮਰਾਨੰਗਲ ਵਿਰੁਧ 15 ਜਨਵਰੀ ਨੂੰ ਅਦਾਲਤ ਵਿਚ ਚਲਾਨ ਪੇਸ਼ ਕੀਤਾ ਸੀ ਪਰ ਸੈਣੀ ਅਤੇ ਉਮਰਾਨੰਗਲ ਨੂੰ ਸੰਮਨਾਂ ਬਾਰੇ ਸੂਚਨਾ ਮਿਲਣ ’ਤੇ ਅਦਾਲਤ ਵਿਚ ਪੇਸ਼ ਨਹੀਂ ਹੋਏ। ਹਾਲਾਂਕਿ ਐਸਆਈਟੀ ਨੇ ਚਲਾਨ ਵਿਚ ਦਾਅਵਾ ਕੀਤਾ ਹੈ ਕਿ ਸੁਮੇਧ ਸੈਣੀ ਅਤੇ ਉਮਰਾਨੰਗਲ ਨੇ ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀਕਾਂਡ ਦੀ ਸਾਜ਼ਸ਼ ਰਚੀ ਸੀ।
Krishan Bhagwan Singh and Gurjeet Singh
ਬਹਿਬਲ ਗੋਲੀਕਾਂਡ ਮੌਕੇ ਪੁਲਿਸ ਦੀ ਗੋਲੀ ਨਾਲ ਮਾਰੇ ਗਏ ਸਿੱਖ ਨੌਜਵਾਨ ਕਿਸ਼ਨ ਭਗਵਾਨ ਸਿੰਘ ਬੇਟੇ ਸੁਖਰਾਜ ਸਿੰਘ ਨਿਆਮੀਵਾਲਾ ਨੇ ਉਕਤ ਜ਼ਮਾਨਤਾਂ ਰੱਦ ਹੋਣ ’ਤੇ ਜਿਥੇ ਅਦਾਲਤ ਦਾ ਧਨਵਾਦ ਕੀਤਾ ਹੈ, ਉਥੇ ਉਨ੍ਹਾਂ ਐਸਆਈਟੀ ਦੇ ਮੁਖੀ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਜਾਂਚ ’ਤੇ ਸੰਤੁਸ਼ਟੀ ਜ਼ਾਹਰ ਕਰਦਿਆਂ ਆਖਿਆ ਕਿ ਅਜਿਹੇ ਨਿਰਪੱਖ, ਇਮਾਨਦਾਰ ਅਤੇ ਦਲੇਰ ਪੁਲਿਸ ਅਫ਼ਸਰਾਂ ਸਦਕਾ ਹੀ ਪੀੜਤ ਪ੍ਰਵਾਰਾਂ ਨੂੰ ਇਨਸਾਫ਼ ਮਿਲਣ ਦੀ ਆਸ ਬੱਝੀ ਹੈ।