
6 ਮਹੀਨਿਆਂ 'ਚ 3 ਹਜ਼ਾਰ ਕੇਂਦਰ ਸਥਾਪਤ ਹੋਣਗੇ : ਸਿੱਧੂ
ਚੰਡੀਗੜ੍ਹ: ਰਾਜ ਦੇ ਦਿਹਾਤੀ ਇਲਾਕਿਆਂ ਵਿਚ ਤਿੰਨ ਹਜ਼ਾਰ 'ਸਿਹਤ ਤੇ ਤੰਦਰੁਸਤ' ਕੇਂਦਰ ਸਥਾਪਤ ਕਰ ਕੇ ਪੰਜਾਬ ਸਰਕਾਰ ਵਲੋਂ ਮਰੀਜ਼ਾਂ ਲਈ 'ਟੈਲੀ ਮੈਡੀਸਨ' ਦੀ ਇਕ ਇਕਲਾਬੀ ਸਕੀਮ ਆਰੰਭੀ ਜਾ ਰਹੀ ਹੈ। ਇਸ ਨਾਲ ਦੂਰ ਦੁਰਾਡੇ ਅਤੇ ਦਿਹਾਤੀ ਇਲਾਕਿਆਂ ਵਿਚ ਵਸਦੇ ਲੋਕਾਂ ਨੂੰ ਸ਼ਹਿਰਾਂ ਦੇ ਵੱਡੇ ਹਸਪਤਾਲਾਂ ਵਿਚ ਇਲਾਜ ਲਈ ਜਾਣ ਦੀ ਜ਼ਰੂਰਤ ਨਹੀਂ ਰਹੇਗੀ।
Photo
ਪੰਜਾਬ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਸਿੱਧੂ ਨੇ ਗੱਲਬਾਤ ਕਰਦਿਆਂ ਦਸਿਆ ਕਿ ਅਗਲੇ 6 ਮਹੀਨਿਆਂ ਵਿਚ ਇਹ ਸਾਰੇ ਕੇਂਦਰ ਚਾਲੂ ਹੋ ਜਾਣਗੇ। ਉਨ੍ਹਾਂ ਦਸਿਆ ਹੈ ਕਿ ਹਰ ਕੇਂਦਰ ਵਿਚ ਇਕ ਬੀ.ਐਸ.ਸੀ, ਸਟਾਫ਼ ਨਰਸ, ਇਕ ਏ.ਐਨ.ਐਮ ਅਤੇ ਇਕ ਆਸ਼ਾ ਵਰਕਰ ਤਾਇਨਾਤ ਹੋਣਗੇ। ਬੀ.ਐਸ.ਸੀ. ਡਿਗਰੀ ਵਿਚ ਦਵਾਈਆਂ ਬਣਾਉਣ ਦੀ ਮੁਕੰਮਲ ਜਾਣਕਾਰੀ ਦਿਤੀ ਜਾਂਦੀ ਹੈ।
Photo
ਇਹ ਸਟਾਫ਼ ਨਰਸ, ਮਰੀਜ਼ ਦੀ ਬੀਮਾਰੀ ਵੇਖਣ ਉਪਰੰਤ ਮੋਬਾਈਲ ਜਾਂ ਕੰਪਿਊਟਰ ਉਪਰ, ਮਾਹਰ ਡਾਕਟਰਾਂ ਨਾਲ ਗੱਲ ਕਰੇਗੀ ਅਤੇ ਮਾਹਰ ਡਾਕਟਰ ਮਰੀਜ਼ ਤੋਂ ਪੂਰੀ ਜਾਣਕਾਰੀ ਹਾਸਲ ਕਰ ਕੇ ਫ਼ੋਨ ਉਪਰ ਹੀ ਦਵਾਈ ਦਸੇਗਾ। ਮੰਤਰੀ ਨੇ ਦਸਿਆ ਕਿ ਇਨ੍ਹਾਂ ਕੇਂਦਰਾਂ ਵਿਚ 9 ਕਿਸਮ ਦੀਆਂ ਦਵਾਈਆਂ ਵੀ ਉਪਲਬੱਧ ਹੋਣਗੀਆਂ।
Photo
ਇਨ੍ਹਾਂ ਕੇਂਦਰਾਂ ਦਾ ਮੁੱਖ ਨਿਸ਼ਾਨਾ ਦਿਹਾਤੀ ਇਲਾਕਿਆਂ ਵਿਚ ਵੱਖ ਵੱਖ ਬੀਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਪਤਾ ਲਗਾਉਣਾ ਅਤੇ ਫਿਰ ਉਨ੍ਹਾਂ ਦਾ ਇਲਾਜ, ਬੀਮਾਰੀ ਦੇ ਮਾਹਰ ਡਾਕਟਰਾਂ ਤੋਂ ਕਰਵਾਉਣਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਇਕ ਇਨਕਲਾਬੀ ਕਦਮ ਹੋਵੇਗਾ ਅਤੇ ਗੰਭੀਰ ਬੀਮਾਰੀਆਂ ਤੋਂ ਪੀੜਤ ਗ਼ਰੀਬ ਮਰੀਜ਼ਾਂ ਨੂੰ ਅਪਣੇ ਘਰਾਂ ਦੇ ਨਜ਼ਦੀਕ ਹੀ ਇਲਾਜ ਮੁਹਈਆ ਕਰਵਾਇਆ ਜਾ ਸਕੇਗਾ।
Photo
ਕਿਸਾਨਾਂ ਤੇ ਗ਼ਰੀਬ ਲੋਕਾਂ ਵਲੋਂ ਕੀਤੀਆਂ ਜਾ ਰਹੀਆਂ ਖ਼ੁਦਕੁਸ਼ੀਆਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਦਸਿਆ ਕਿ ਸਿਹਤ ਕੇਂਦਰ ਵਿਚ ਮਾਨਸਕ ਤੌਰ 'ਤੇ ਪੀੜਤ ਮਰੀਜ਼ਾਂ ਦੀ ਜਾਣਕਾਰੀ ਵੀ ਹਾਸਲ ਕੀਤੀ ਜਾਵੇਗੀ ਅਤੇ ਫਿਰ ਉਨ੍ਹਾਂ ਦਾ ਇਲਾਜ ਵੀ ਮਾਹਰ ਡਾਕਟਰਾਂ ਤੋਂ ਉਪਲਬੱਧ ਕਰਵਾਇਆ ਜਾਵੇਗਾ। ਉਨ੍ਹਾਂ ਦਸਿਆ ਕਿ ਪੂਰੀ ਜਾਣਕਾਰੀ ਹਾਸਲ ਹੋਣ ਉਪਰੰਤ ਬਲਾਕ ਜਾਂ ਜ਼ਿਲ੍ਹਾ ਪੱਧਰ 'ਤੇ ਮਾਨਸਕ ਰੋਗਾਂ ਦੇ ਮਾਹਰ ਡਾਕਟਰਾਂ ਦੀਆਂ ਤਾਇਨਾਤੀਆਂ ਵੀ ਕੀਤੀਆਂ ਜਾਣਗੀਆਂ।