
ਮੋਬਾਈਲ ਐਪਲੀਕੇਸ਼ਨ ਰਾਹੀਂ ਵੀ ਲਗਵਾਈਆਂ ਜਾ ਸਕਦੀਆਂ ਹਨ ਨਵੀਆਂ ਨੰਬਰ ਪਲੇਟਾਂ
ਚੰਡੀਗੜ੍ਹ : ਦੇਸ਼ ਭਰ ਅੰਦਰ ਲਾਜ਼ਮੀ ਕੀਤੀਆਂ ਜਾ ਚੁੱਕੀਆਂ ਹਾਈ ਸਕਿਓਰਿਟੀ ਰਜਿਸਟ੍ਰੇਸ਼ਨ ਨੰਬਰ ਪਲੇਟਾਂ ਲਗਾਉਣ ਦਾ ਦੌਰ ਪਿਛਲੇ ਕਾਫੀ ਸਮੇਂ ਤੋਂ ਚੱਲ ਰਿਹਾ ਹੈ। ਪੰਜਾਬ ਅੰਦਰ ਇਸ ਕੰਮ ਵਿਚ ਕੁੱਝ ਤਕਨੀਕੀ ਖਾਮੀਆਂ ਕਾਰਨ ਖੜੋਤ ਆਈ ਸੀ ਜੋ ਪਿਛਲੇ 7-8 ਮਹੀਨਿਆਂ ਤੋਂ ਟੁੱਟ ਚੁੱਕੀ ਹੈ। ਪੰਜਾਬ ਅੰਦਰ ਨੰਬਰ ਪਲੇਟਾਂ ਲਗਵਾਉਣ ਦਾ ਕੰਮ ਲਗਾਤਾਰ ਜਾਰੀ ਹੈ। ਪੰਜਾਬ ਸਰਕਾਰ ਨੇ ਰਹਿੰਦੇ ਵਾਹਨਾਂ ਨੂੰ ਨੰਬਰ ਪਲੇਟਾਂ ਲਗਵਾਉਣ ਲਈ ਇਕ ਹੋਰ ਮੌਕਾ ਦਿੰਦਿਆਂ ਇਕ ਮਹੀਨੇ ਦਾ ਹੋਰ ਸਮਾਂ ਦਿੱਤਾ ਗਿਆ ਹੈ।
high security number plate
ਸੂਤਰਾਂ ਮੁਤਾਬਕ ਪਿਛਲੇ ਅੱਠ ਮਹੀਨਿਆਂ ਦੌਰਾਨ 13 ਲੱਖ ਵਾਹਨਾਂ ਨੂੰ ਨਵੀਆਂ ਨੰਬਰ ਪਲੇਟਾਂ ਲਗਾਈਆਂ ਜਾ ਚੁੱਕੀਆਂ ਹਨ ਅਤੇ ਬਹੁਤ ਸਾਰੇ ਵਾਹਨ ਅਜੇ ਵੀ ਬਾਕੀ ਹੈ। ਰਹਿੰਦੇ ਵਾਹਨਾਂ 'ਤੇ ਨੰਬਰ ਪਲੇਟਾਂ ਲਗਵਾਉਣ ਲਈ ਆਖਰੀ ਮੌਕਾ ਦਿੰਦਿਆਂ ਪੰਜਾਬ ਸਰਕਾਰ ਨੇ ਹੁਣ 15 ਅਪ੍ਰੈਲ ਦੀ ਤਰੀਕ ਮਿਥੀ ਹੈ। ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਮੁਤਾਬਕ ਰਾਜ ਵਿਚ ਇਸ ਵੇਲੇ 102 HSRP ਫ਼ਿਟਮੈਂਟ ਸੈਂਟਰ ਕੰਮ ਕਰ ਰਹੇ ਹਨ। ਕੋਈ ਵੀ ਵਾਹਨ ਮਾਲਕ ਆਪਣੀ ਸੁਵਿਧਾ ਅਨੁਸਾਰ ਪਹਿਲਾਂ ਆਨਲਾਈਨ ਬੁਕਿੰਗ ਕਰਕੇ ਇਹ ਨੰਬਰ ਪਲੇਟਾਂ ਲਵਾਉਣ ਲਈ ਸਮਾਂ ਲੈ ਸਕਦਾ ਹੈ।
High security number plates
ਇਸ ਲਈ ਵੈੱਬਸਾਈਟ www.Punjabhsrp.in ਐਕਟੀਵੇਟ ਕੀਤੀ ਗਈ ਹੈ ਤੇ ਜਾਂ HSRP PUNJAB ਨਾਂ ਦੀ ਮੋਬਾਈਲ ਐਪਲੀਕੇਸ਼ਨ ਰਾਹੀਂ ਵੀ HSRP ਆਪਣੇ ਵਾਹਨਾਂ ਉੱਤੇ ਲਵਾਈਆਂ ਜਾ ਸਕਦੀਆਂ ਹਨ। ਵਾਹਨਾਂ ਉੱਤੇ ਇਹ ਨਵੀਂਆਂ ਨੰਬਰ ਪਲੇਟਾਂ ਲਗਵਾਉਣ ਲਈ ਫ਼ੋਨ ਨੰਬਰਾਂ 7888498859 ਤੇ 7888498853 ਉੱਤੇ ਤਰੀਕ ਤੇ ਸਮਾਂ ਨਿਸ਼ਚਤ ਕੀਤਾ ਜਾ ਸਕਦਾ ਹੈ।
High security number plates
ਮੰਤਰੀ ਨੇ ਦੱਸਿਆ ਕਿ ਵਾਹਨ ਮਾਲਕ ਦੇ ਘਰ ਵਿਚ ਜਾ ਕੇ ਨਵੀਂ ਨੰਬਰ ਪਲੇਟ ਫ਼ਿੱਟ ਕਰਨ ਦੀ ਸਹੂਲਤ ਵੀ ਦਿੱਤੀ ਗਈ ਹੈ। ਇਸ ਲਈ ਦੋਪਹੀਆ ਤੇ ਤਿਪਹੀਆ ਵਾਹਨ ਲਈ 100 ਰੁਪਏ ਤੇ ਚੌਪਹੀਆ ਵਾਹਨ ਲਈ 150 ਰੁਪਏ ਦੀ ਵੱਖਰੀ ਫ਼ੀਸ ਲਈ ਜਾਵੇਗੀ। ਰਾਜ ਦੇ ਟ੍ਰਾਂਸਪੋਰਟ ਕਮਿਸ਼ਨਰ ਡਾ. ਅਮਰਪਾਲ ਸਿੰਘ ਮੁਤਾਬਕ ਹਾਈ ਸਕਿਉਰਟੀ ਨੰਬਰ ਪਲੇਟਾਂ ਕਾਫੀ ਫਾਇਦੇਮੰਦ ਹਨ। ਗੱਡੀ ਗੁਆਚਣ ਜਾਂ ਚੋਰੀ ਹੋਣ ਦੀ ਸੂਰਤ ਵਿਚ ਇਸ ਦੀ ਸਹਾਇਤਾ ਨਾਲ ਗੱਡੀ ਲੱਭਣ ਵਿਚ ਸੌਖ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਚਾਲਾਨ ਸਮੇਤ ਹੋਰ ਪ੍ਰੇਸ਼ਾਨੀਆਂ ਤੋਂ ਬਚਣ ਲਈ ਨਵੀਂਆਂ ਨੰਬਰ ਪਲੇਟਾਂ ਤੁਰੰਤ ਲਗਵਾ ਲੈਣੀਆਂ ਚਾਹੀਦੀਆਂ ਹਨ।