
ਕਿਸਾਨਾਂ ਦੀ ਹਮਾਇਤ 'ਚ ਪ੍ਰਵਾਸੀਆਂ ਦਾ ਅੰਦੋਲਨ ਵਾਈਟ ਹਾਊਸ ਸਾਹਮਣੇ ਤੀਜੇ ਦਿਨ ਵਿਚ ਦਾਖ਼ਲ
ਵਾਸ਼ਿੰਗਟਨ ਡੀ. ਸੀ., 11 ਮਾਰਚ (ਸੁਰਿੰਦਰ ਗਿੱਲ) : ਐੱਨ.ਆਰ.ਆਈ. ਫਾਰ ਫ਼ਾਰਮਰਜ਼ ਦੀ ਅਗਵਾਈ ਵਿਚ ਵਾਈਟ ਹਾਊਸ ਵਾਸ਼ਿੰਗਟਨ ਡੀ. ਸੀ. ਸਾਹਮਣੇ ਕਿਸਾਨਾਂ ਦੀ ਹਮਾਇਤ ਵਿਚ ਅੰਦੋਲਨ ਚਲ ਰਿਹਾ ਹੈ ਜਿਸ ਦਾ ਮੁੱਖ ਮਕਸਦ ਕਿਸਾਨ ਵਿਰੋਧੀ ਬਿਲਾਂ ਨੂੰ ਵਾਪਸ ਕਰਵਾਉਣਾ ਹੈ | ਇਸ ਦੀ ਆਵਾਜ਼ ਨੂੰ ਸੰਸਾਰ ਦੇ ਹਰ ਕੋਨੇ ਵਿਚ ਪਹੁੰਚਾਉਣਾ ਹੈ, ਕਿਉਂਕਿ ਵਾਸ਼ਿੰਗਟਨ ਡੀ. ਸੀ. ਨੂੰ ਦੁਨੀਆ ਦੀ ਰਾਜਧਾਨੀ ਕਿਹਾ ਜਾਂਦਾ ਹੈ ਜਿਥੇ ਇਹ ਕਿਸਾਨ ਹਮਾਇਤੀ ਅੰਦੋਲਨ ਅੱਜ ਤੀਜੇ ਦਿਨ ਵਿਚ ਪਹੁੰਚ ਗਿਆ ਹੈ | ਅੱਜ ਦੇ ਅੰਦੋਲਨ ਦੀ ਅਗਵਾਈ ਮਹਿਤਾਬ ਸਿੰਘ ਕਾਹਲੋਂ ਨੇ ਕੀਤੀ ਜਿਨ੍ਹਾਂ ਨੂੰ ਸਿਰਫ਼ ਅੱਠ ਘੰਟੇ ਪਹਿਲਾਂ ਦਸਿਆ ਗਿਆ ਸੀ ਕਿ ਤੀਜੇ ਦਿਨ ਦੇ ਨੁਮਾਇੰਦੇ ਦੀ ਤਬੀਅਤ ਠੀਕ ਨਹੀਂ, ਇਸ ਲਈ ਮਹਿਤਾਬ ਸਿੰਘ ਕਾਹਲੋਂ ਨੇ ਮੋਰਚਾ ਸੰਭਾਲਦਿਆਂ ਕਿਹਾ ਕਿ ਇਹ ਸਾਡਾ ਫ਼ਰਜ਼ ਹੈ | ਇਸ ਭਾਰਤੀ ਕਿਸਾਨ ਹਮਾਇਤੀ ਅੰਦੋਲਨ 'ਚ ਖੜੋਤ ਨਹੀਂ ਆਉਣ ਦਿਤੀ ਜਾਵੇਗੀ | ਉਨ੍ਹਾਂ ਮੋਰਚਾ ਸੰਭਾਲਦੇ ਕਿਹਾ ਕਿ ਮੋਦੀ ਸਰਕਾਰ ਨੂੰ ਸਿੱਖਾਂ ਦੀਆਂ ਭਾਵਨਾਵਾਂ ਤੇ ਕੁਰਬਾਨੀਆਂ ਦੀ ਕੋਈ ਕਦਰ ਨਹੀਂ | ਅਸੀਂ ਮਰ ਜਾਵਾਂਗੇ ਪਰ ਅੰਦੋਲਨ ਕਾਨੂੰਨ ਵਾਪਸ ਲਏ ਬਗ਼ੈਰ ਖ਼ਤਮ ਨਹੀਂ ਹੋਵੇਗਾ |
ਮਹਿਤਾਬ ਸਿੰਘ ਕਾਹਲੋਂ ਦੇ ਨਾਲ ਸਹਿਯੋਗ ਦੇਣ ਵਾਲਿਆਂ ਵਿਚ ਦਰਸ਼ਨ ਸਿੰਘ, ਬਲਜੀਤ ਸਿੰਘ, ਗੁਰਦੀਪ ਸਿੰਘ, ਹਰਜੀਤ ਸਿਘ ਬੁੰਦਲ ਸ਼ਾਮਲ ਹੋਏ | ਜਿਨ੍ਹਾਂ ਨੇ ਇਸ ਤੀਸਰੇ ਦਿਨ ਦੇ ਕਿਸਾਨ ਅੰਦੋਲਨ ਨੂੰ ਕਾਮਯਾਬ ਕੀਤਾ, ਜੋ ਵਧਾਈ ਦੇ ਪਾਤਰ ਹਨ | ਚੌਥੇ ਦਿਨ ਦਾ ਮੋਰਚਾ ਮਨਸਿਮਰਨ ਸਿੰਘ ਡਾਇਰੈਕਟਰ ਵਰਜੀਨੀਆ ਡੈਮੋਕਰੇਟਿਕ ਪਾਰਟੀ ਸੰਭਾਲਣਗੇ |image