
ਬਿਨਾਂ ਹਾਰ ਸ਼ਿੰਗਾਰ, ਮੀਟ-ਸ਼ਰਾਬ ਅਤੇ ਸ਼ੋਰ-ਸ਼ਰਾਬੇ ਤੋਂ ਰਹਿਤ ਨੇਪਰੇ ਚੜਿ੍ਹਆ ਵਿਆਹ ਸਮਾਗਮ
ਕੋਟਕਪੂਰਾ, 11 ਮਾਰਚ (ਗੁਰਿੰਦਰ ਸਿੰਘ) : ਭਾਵੇਂ ‘ਰੋਜ਼ਾਨਾ ਸਪੋਕਸਮੈਨ’ ਸਮੇਤ ਅਨੇਕਾਂ ਸਿੱਖ ਸੰਸਥਾਵਾਂ ਅਤੇ ਪੰਥਕ ਜਥੇਬੰਦੀਆਂ ਵਲੋਂ ਸਾਦੇ ਵਿਆਹਾਂ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਪਰ ਸੁਕਿ੍ਰਤ ਟਰੱਸਟ ਲੁਧਿਆਣਾ ਅਤੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵਲੋਂ ਵੀ ‘ਸਾਦੇ ਵਿਆਹ-ਸਾਦੇ ਭੋਗ, ਨਾ ਕਰਜ਼ਾ ਨਾ ਚਿੰਤਾ ਰੋਗ’ ਦਾ ਦਿਤਾ ਗਿਆ ਹੌਕਾ ਕੁੱਝ ਜਾਗਰੂਕ ਤਬਕੇ ਦੇ ਲੋਕਾਂ ਲਈ ਪ੍ਰਭਾਵਸ਼ਾਲੀ ਸਿੱਧ ਹੋ ਰਿਹਾ ਹੈ।
ਜ਼ਿਲ੍ਹੇ ਦੇ ਪਿੰਡ ਮਿਸ਼ਰੀਵਾਲਾ ਦੇ ਵਸਨੀਕ ਨੌਜਵਾਨ ਜਗਦੀਪ ਸਿੰਘ ਪੁੱਤਰ ਤੇਜ ਸਿੰਘ ਦਾ ਵਿਆਹ ਸ਼ਰਨਪ੍ਰੀਤ ਕੌਰ ਪੁੱਤਰੀ ਹਰਬੰਸ ਸਿੰਘ ਵਾਸੀ ਪਿੰਡ ਪੱਕਾ ਨਾਲ ਗੁਰਦਵਾਰਾ ਸਾਹਿਬ ਵਿਖੇ ਬਿਲਕੁਲ ਸਾਦੇ ਤਰੀਕੇ ਨਾਲ ਅਤੇ ਸ਼ੋਰ ਸ਼ਰਾਬੇ ਤੋਂ ਰਹਿਤ ਨੇਪਰੇ ਚੜਿ੍ਹਆ। ਲਾੜੀ ਨੇ ਹੱਥਾਂ ’ਤੇ ਮਹਿੰਦੀ ਨਾ ਲਾਈ, ਨਾ ਲਹਿੰਗਾ, ਨਾ ਚੂੜ੍ਹਾ, ਨਾ ਹਾਰ-ਸ਼ਿੰਗਾਰ, ਨਾ ਸੁਰਖੀ-ਬਿੰਦੀ, ਇਸੇ ਤਰ੍ਹਾਂ ਲਾੜੇ ਨੇ ਸਿਹਰਾ ਨਹੀਂ ਬੰਨਿ੍ਹਆ ਅਤੇ ਹੋਰ ਵੀ ਫ਼ਜ਼ੂਲ ਰਸਮਾਂ ਨੂੰ ਦਰਕਿਨਾਰ ਕਰ ਦਿਤਾ। ਦੋਵੇਂ ਲਾੜਾ-ਲਾੜੀ ਖ਼ਾਲਸਾਈ ਬਾਣੇ ਵਿਚ ਸਨ। ਮੀਟ-ਸ਼ਰਾਬ-ਅੰਡਾ ਅਤੇ ਸ਼ੋਰ ਸ਼ਰਾਬੇ ਤੋਂ ਪੂਰੀ ਤਰ੍ਹਾਂ ਰਹਿਤ ਉਕਤ ਵਿਆਹ ਸਮਾਗਮ ਹੋਰਨਾਂ ਲਈ ਪੇ੍ਰਰਨਾ ਸਰੋਤ ਬਣ ਗਿਆ। ਇਸ ਮੌਕੇ ਉਨ੍ਹਾਂ ਸੁਨੇਹਾ ਦਿਤਾ ਕਿ ਸਾਨੂੰ ਵੇਖੋ-ਵੇਖੀ ਫ਼ਜ਼ੂਲ ਖ਼ਰਚੇ ਕਰਨ ਦੀ ਬਜਾਏ ਚਾਦਰ ਵੇਖ ਕੇ ਪੈਰ ਪਸਾਰਨੇ ਚਾਹੀਦੇ ਹਨ। ਇਲਾਕੇ ਦੇ ਲੋਕ ਇਸ ਸਾਦੇ ਵਿਆਹ ਦੀ ਮਿਸਾਲ ਦਿੰਦੇ ਹੋਏ ਦੋਹਾਂ ਪ੍ਰਵਾਰਾਂ ਦੀ ਨਵੀਂ ਪਿਰਤ ਪਾਉਣ ਦੀ ਰੱਜ ਕੇ ਪ੍ਰਸ਼ੰਸਾ ਵੀ ਕਰ ਰਹੇ ਹਨ।