
ਰੂਸ ਨੇ ਯੂਕਰੇਨ ਦੇ ਪਛਮੀ ਸ਼ਹਿਰਾਂ ਇਵਾਨੋ ਫ਼੍ਰੈਂਕਿਵਸਕ ਅਤੇ ਲੁਤਸਕ 'ਚ ਕੀਤੇ ਹਮਲੇ
ਰੂਸ ਨੇ ਯੂਕਰੇਨ ਦੇ 3213 ਫ਼ੌਜੀ ਠਿਕਾਣਿਆਂ ਨੂੰ ਤਬਾਹ ਕੀਤਾ
ਮਾਰੀਉਪੋਲ, 11 ਮਾਰਚ : ਰੂਸ ਨੇ ਯੂਕਰੇਨ ਦੇ ਪਛਮੀ ਸ਼ਹਿਰਾਂ ਇਵਾਨੋ-ਫ਼੍ਰੈਂਕਿਵਸਕ ਅਤੇ ਲੁਤਸਕ ਵਿਚ ਹਵਾਈ ਅੱਡਿਆਂ ਦੇ ਨੇੜੇ ਹਮਲੇ ਕੀਤੇ ਹਨ, ਜੋ ਕਿ ਯੂਕਰੇਨ ਵਿਚ ਰੂਸ ਦੇ ਹਮਲੇ ਦੇ ਮੁੱਖ ਨਿਸ਼ਾਨੇ ਤੋਂ ਬਹੁਤ ਦੂਰ ਹਨ | ਸਥਾਨਕ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ | ਇਵਾਨੋ-ਫ਼੍ਰੈਂਕਿਵਸਕ ਦੇ ਮੇਅਰ ਰੁਸਲਾਨ ਮਾਰਟਸਿੰਕੀਵ ਨੇ ਹਵਾਈ ਹਮਲੇ ਦੀ ਚਿਤਾਵਨੀ ਜਾਰੀ ਕੀਤੇ ਜਾਣ ਤੋਂ ਬਾਅਦ ਸਥਾਨਕ ਲੋਕਾਂ ਨੂੰ ਸੁਰੱਖਿਅਤ ਥਾਵਾਂ 'ਤੇ ਜਾਣ ਦੀ ਅਪੀਲ ਕੀਤੀ | ਲੁਤਸਕ ਦੇ ਮੇਅਰ ਨੇ ਵੀ ਹਵਾਈ ਅੱਡੇ ਦੇ ਨੇੜੇ ਹਵਾਈ ਹਮਲੇ ਦੀ ਜਾਣਕਾਰੀ ਦਿਤੀ | ਇਹ ਦੋਵੇਂ ਸ਼ਹਿਰ ਰੂਸ ਦੇ ਮੁੱਖ ਨਿਸ਼ਾਨੇ ਵਾਲੇ ਖੇਤਰਾਂ ਤੋਂ ਬਹੁਤ ਦੂਰ ਹਨ | ਇਨ੍ਹਾਂ ਸ਼ਹਿਰਾਂ 'ਤੇ ਹਮਲੇ ਰੂਸ ਦੇ ਯੁੱਧ ਨੂੰ ਇਕ ਨਵੀਂ ਦਿਸ਼ਾ ਵਲ ਲਿਜਾਣ ਦਾ ਸੰਕੇਤ ਦਿੰਦੇ ਹਨ |
ਜਾਣਕਾਰੀ ਮੁਤਾਬਕ ਯੂਕਰੇਨ 'ਤੇ ਰੂਸ ਦੀ ਫ਼ੌਜੀ ਕਾਰਵਾਈ ਦੌਰਾਨ ਦੇਸ਼ ਦੇ ਦੂਜੇ ਪਾਸੇ ਦੇ ਸ਼ਹਿਰ ਲੁਤਸਕ ਅਤੇ ਨਿਪਰੋ ਸ਼ੁਕਰਵਾਰ ਨੂੰ ਹਮਲੇ ਦੀ ਲਪੇਟ ਵਿਚ ਆ ਗਏ | ਲੁਤਸਕ ਦੇ ਮੇਅਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤੁਰਤ ਸੁਰੱਖਿਅਤ ਥਾਵਾਂ 'ਤੇ ਪਨਾਹ ਲੈਣ ਅਤੇ ਸੋਸ਼ਲ ਮੀਡੀਆ 'ਤੇ ਇਸ ਨਾਲ ਜੁੜੀ ਕੋਈ ਵੀ ਜਾਣਕਾਰੀ ਸਾਂਝੀ ਨਾ ਕਰਨ | ਸ਼ਹਿਰ ਦੇ ਏਅਰਫ਼ੀਲਡ ਨੇੜੇ ਧਮਾਕੇ ਦੀ ਪੁਸ਼ਟੀ ਕੀਤੀ ਗਈ ਹੈ | ਯੂਕਰੇਨੀ ਮੀਡੀਆ ਨੇ ਉੱਤਰ-ਪਛਮੀ ਯੂਕਰੇਨ ਦੇ ਲੁਤਸਕ ਸ਼ਹਿਰ ਦੇ ਨਾਲ-ਨਾਲ ਡਨੀਪਰ ਨਦੀ ਦੇ ਕੰਢੇ 'ਤੇ ਡਨੀਪਰੋ ਸ਼ਹਿਰ ਵਿਚ ਧਮਾਕੇ ਦੀ ਰਿਪੋਰਟ ਕੀਤੀ |
ਰੂਸੀ ਸੁਰੱਖਿਆ ਬਲਾਂ ਨੇ ਵਿਸ਼ੇਸ਼ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਸ਼ੁਕਰਵਾਰ ਸਵੇਰ ਤਕ 3212 ਫ਼ੌਜੀ ਠਿਕਾਣਿਆਂ ਨੂੰ ਤਬਾਹ ਕਰ ਦਿਤਾ | ਰੂਸੀ ਰਖਿਆ ਮੰਤਰਾਲਾ ਦੇ ਬੁਲਾਰੇ ਇਗੋਰ ਕੋਨਾਸੇਨਕੋਵ ਨੇ ਇਹ ਜਾਣਕਾਰੀ ਦਿਤੀ | ਕੋਨਾਸੇਨਕੋਵ ਨੇ ਦਸਿਆ ਕਿ,''ਰੂਸੀ ਸੁਰੱਖਿਆ ਬਲਾਂ ਨੇ ਵਿਸ਼ੇਸ਼ ਆਪਰੇਸ਼ਨਾਂ ਵਿਚ 98 ਯੂਕਰੇਨੀ ਹਵਾਈ ਜਹਾਜ਼, 118 ਮਨੁੱਖ ਰਹਿਤ ਹਵਾਈ ਵਾਹਨ, 1041 ਟੈਂਕ ਅਤੇ ਹੋਰ ਬਕਤਰਬੰਦ ਲੜਾਕੂ ਵਾਹਨ, 113 ਮਲਟੀਪਲ ਲਾਂਚ ਰਾਕੇਟ ਪ੍ਰਣਾਲੀਆਂ, 389 ਫ਼ੀਲਡ ਆਰਟਿਲਰੀ ਤੋਪਾਂ ਅਤੇ ਮੋਟਰਾਂ, 843 ਵਿਸ਼ੇਸ਼ ਫ਼ੌਜੀ ਵਾਹਨਾਂ ਨੂੰ ਨਸ਼ਟ ਕਰ ਦਿਤਾ |''
ਇਸ ਵਿਚਾਲੇ ਕੁੱਝ ਨਵੀਆਂ ਉਪਗ੍ਰਹਿ ਤਸਵੀਰਾਂ ਸਾਹਮਣੇ ਆਈਆਂ ਹਨ, ਜਿਨ੍ਹਾਂ ਵਿਚ ਯੂਕਰੇਨ ਦੀ ਰਾਜਧਾਨੀ ਕੀਵ ਦੇ ਬਾਹਰ ਇਕ ਵਿਸ਼ਾਲ ਕਾਫ਼ਲਾ ਨਜ਼ਰ ਆ ਰਿਹਾ ਹੈ | ਕੀਵ ਦੇ ਨੇੜਲੇ ਕਸਬਿਆਂ ਅਤੇ ਜੰਗਲਾਂ ਵਿਚ ਫ਼ੌਜ ਦੀ ਤਾਇਨਾਤੀ ਨਾਲ ਸਥਿਤੀ ਹੋਰ ਬਦਤਰ ਹੋਣ ਦੇ ਸੰਕੇਤ ਮਿਲ ਰਹੇ ਹਨ | ਰੂਸ ਨੂੰ ਆਲਮੀ ਪੱਧਰ 'ਤੇ ਅਲੱਗ-ਥਲੱਗ ਕਰਨ ਅਤੇ ਪਾਬੰਦੀਆਂ ਲਗਾਉਣ ਦੇ ਅੰਤਰਰਾਸ਼ਟਰੀ ਯਤਨਾਂ ਵਿਚਾਲੇ ਇਹ ਤਸਵੀਰਾਂ ਸਾਹਮਣੇ ਆਈਆਂ ਹਨ, ਖ਼ਾਸ ਕਰ ਕੇ ਬੰਦਰਗਾਹ ਸ਼ਹਿਰ ਮਾਰੀਊਪੋਲ ਵਿਚ ਇਕ ਪ੍ਰਸੂਤੀ ਹਸਪਤਾਲ 'ਤੇ ਇਕ ਘਾਤਕ ਹਵਾਈ ਹਮਲੇ ਤੋਂ ਬਾਅਦ | ਅਧਿਕਾਰੀਆਂ ਨੇ ਇਸ ਨੂੰ ਯੁੱਧ ਅਪਰਾਧ ਕਰਾਰ ਦਿਤਾ ਹੈ |
ਇਸ ਵਿਚਾਲੇ ਅਮਰੀਕਾ ਅਤੇ ਹੋਰ ਰਾਸ਼ਟਰ ਸ਼ੁਕਰਵਾਰ ਨੂੰ ਵਪਾਰ ਲਈ 'ਸੱਭ ਤੋਂ ਮਨਪਸੰਦ ਰਾਸ਼ਟਰ' ਦਾ ਰੂਸ ਦਾ ਦਰਜਾ ਰੱਦ ਕਰਨ ਦਾ ਐਲਾਨ ਕਰਨਗੇ, ਜੋ ਕੁੱਝ ਰੂਸੀ ਆਯਾਤਾਂ 'ਤੇ ਉੱਚ ਟੈਕਸ ਲਗਾਉਣ ਦੀ ਪ੍ਰਵਾਨਗੀ ਦੇਵੇਗਾ | (ਪੀਟੀਆਈ)