
ਪਿੰਡ ਵਾਸੀਆਂ ਨੇ ਕਿਹਾ ਕਿ ਸਰਕਾਰੀ ਸਕੂਲ ਦੇ ਬਾਹਰ ਸ਼ਰੇਆਮ ਵਿਕਦਾ ਹੈ ਨਸ਼ਾ
ਲੁਧਿਆਣਾ - ਪੰਜਾਬ ਦੇ ਲੁਧਿਆਣਾ ਦੇ ਹਲਕਾ ਸਾਹਨੇਵਾਲ ’ਚ ਤੜਕੇ ਇੱਕ ਨੌਜਵਾਨ ਦੀ ਲਾਸ਼ ਮਿਲੀ ਹੈ। ਨਸ਼ੇ ਦੀ ਓਵਰਡੋਜ਼ ਕਾਰਨ ਨੌਜਵਾਨ ਦੀ ਮੌਤ ਹੋ ਗਈ। ਲੋਕਾਂ ਨੂੰ ਉਸ ਦੀ ਲਾਸ਼ ਦੇ ਕੋਲ ਨਸ਼ੀਲੇ ਟੀਕੇ ਵੀ ਮਿਲੇ ਹਨ। ਲੋਕਾਂ ਅਨੁਸਾਰ ਪਿੰਡ ਚੌਂਤਾ ਵਿੱਚ ਨਸ਼ੇ ਖੁੱਲ੍ਹੇਆਮ ਵਿਕਦੇ ਹਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਵੱਡੇ ਪੱਧਰ ’ਤੇ ਧਰਨੇ ਲੱਗ ਚੁੱਕੇ ਹਨ ਪਰ ਇਸ ਪਿੰਡ ਵਿੱਚ ਨਸ਼ਾਖੋਰੀ ਨਹੀਂ ਰੁਕ ਰਹੀ। ਲੋਕਾਂ ਅਨੁਸਾਰ ਇੱਥੇ ਪੁਲਿਸ ਮੁਲਾਜ਼ਮਾਂ ਦੀ ਸੈਟਿੰਗ ਹੈ, ਜਿਸ ਕਾਰਨ ਪਿੰਡ ਵਿੱਚ ਨਸ਼ਾ ਤਸਕਰ ਫੜੇ ਨਹੀਂ ਜਾਂਦੇ। ਪਿੰਡ ਚੌਂਤਾ ਦੇ ਸਰਕਾਰੀ ਸਕੂਲ ਦੇ ਬਾਹਰ ਸ਼ਰੇਆਮ ਵਿਕਦਾ ਹੈ।
ਪਿੰਡ ਦੇ ਵਸਨੀਕ ਸੁਲੱਖਣ ਸਿੰਘ ਨੇ ਦੱਸਿਆ ਕਿ ਥਾਣਾ ਸਾਹਨੇਵਾਲ ਦੀ ਪੁਲੀਸ ਲਾਪਰਵਾਹੀ ਕਰ ਰਹੀ ਹੈ। ਲੋਕਾਂ ਨੇ ਪੁਲਿਸ ਨੂੰ ਕਈ ਵਾਰ ਸ਼ਿਕਾਇਤਾਂ ਵੀ ਕੀਤੀਆਂ ਪਰ ਪੁਲਿਸ ਪ੍ਰਸ਼ਾਸਨ ਨੇ ਕੋਈ ਕਾਰਵਾਈ ਨਹੀਂ ਕੀਤੀ। ਦੂਜੇ ਪਾਸੇ ਸੁਲੱਖਣ ਸਿੰਘ ਮੰਡ ਨੇ ਕਿਹਾ ਕਿ ਕਈ ਵਾਰ ਨਸ਼ਾ ਤਸਕਰ ਲੋਕਾਂ ਵੱਲੋਂ ਫੜੇ ਜਾ ਚੁੱਕੇ ਹਨ ਪਰ ਪੁਲਿਸ ਨੇ ਉਨ੍ਹਾਂ ਨੂੰ ਛੱਡ ਦਿੱਤਾ ਹੈ। ਹੁਣ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਹੈ ਕਿ ਉਹ ਇਸ ਨੌਜਵਾਨ ਦੀ ਮ੍ਰਿਤਕ ਦੇਹ ਦਾ ਸਸਕਾਰ ਉਦੋਂ ਤੱਕ ਨਹੀਂ ਕਰਨਗੇ ਜਦੋਂ ਤੱਕ ਇਸ ਪਿੰਡ ਵਿੱਚ ਨਸ਼ੇ ਦੇ ਸੌਦਾਗਰਾਂ ਖ਼ਿਲਾਫ਼ ਕੋਈ ਠੋਸ ਹੱਲ ਨਹੀਂ ਨਿਕਲਦਾ।
ਸਰਪੰਚ ਬੂਟਾ ਨੇ ਕਿਹਾ ਕਿ ਪਿੰਡ ਵਾਸੀ ਚਿੰਤਤ ਹਨ। ਪਿੰਡ ਵਿੱਚ ਚਿੱਟਾ ਵੇਚਣ ਵਾਲਿਆਂ ਨੇ ਪਿੰਡ ਵਾਸੀਆਂ ਦੀ ਵੀ ਕੁੱਟਮਾਰ ਕੀਤੀ।