
ਕਿਸਾਨ ਨੂੰ 62 ਪੌਦਿਆਂ ਸਮੇਤ ਕੀਤਾ ਗ੍ਰਿਫ਼ਤਾਰ
ਲੁਧਿਆਣਾ - ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਵਿਚ ਕਿਸਾਨਾਂ ਨੇ ਹੁਣ ਗੈਰ-ਕਾਨੂੰਨੀ ਢੰਗ ਨਾਲ ਅਫੀਮ ਦੀ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਕਸਬਾ ਜਗਰਾਉਂ ਵਿਚ ਪੁਲਿਸ ਨੇ ਅਫ਼ੀਮ ਦੇ ਬੂਟੇ ਲਾਉਣ ਦੇ ਦੋਸ਼ ਵਿਚ ਕਿਸਾਨ ਨਛੱਤਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਛੱਤਰ ਸਿੰਘ ਪਿੰਡ ਬੋਦਲਵਾਲਾ ਵਿਚ ਆਪਣੇ ਖੇਤ ਵਿਚ ਅਫ਼ੀਮ ਦੇ ਬੂਟੇ ਉਗਾ ਰਿਹਾ ਹੈ।
ਪੌਦਿਆਂ ਵਿਚ ਚੀਰਾ ਵੀ ਲਾਇਆ ਗਿਆ ਹੈ। ਕੁੱਝ ਦਿਨਾਂ ਵਿਚ ਉਹ ਫੁੱਲਾਂ ਵਿਚੋਂ ਅਫੀਮ ਕੱਢਣ ਦੀ ਤਿਆਰੀ ਕਰ ਰਿਹਾ ਹੈ। ਜੇਕਰ ਸਮੇਂ ਸਿਰ ਛਾਪੇਮਾਰੀ ਕੀਤੀ ਜਾਵੇ ਤਾਂ ਮੁਲਜ਼ਮ ਪੌਦਿਆਂ ਸਮੇਤ ਫੜੇ ਜਾ ਸਕਦੇ ਹਨ। ਇਸ ਸੂਚਨਾ 'ਤੇ ਏ.ਐਸ.ਆਈ ਗੁਰਨਾਮ ਸਿੰਘ ਨੇ ਮੁਲਾਜ਼ਮਾਂ ਦੇ ਨਾਲ ਖੇਤਾਂ 'ਚ ਛਾਪਾ ਮਾਰ ਕੇ 62 ਬੂਟੇ (5 ਕਿਲੋ 175 ਗ੍ਰਾਮ) ਬਰਾਮਦ ਕੀਤੇ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।
ਦੱਸ ਦਈਏ ਕਿ ਹੁਣ ਪੰਜਾਬ ਦੇ ਕਿਸਾਨਾਂ ਨੇ ਸਰਕਾਰ ਤੋਂ ਮੰਗ ਕਰਨੀ ਸ਼ੁਰੂ ਕਰ ਦਿੱਤੀ ਹੈ ਕਿ ਉਨ੍ਹਾਂ ਨੂੰ ਆਪਣੇ ਖੇਤਾਂ ਵਿਚ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਤਾਂ ਜੋ ਨੌਜਵਾਨਾਂ ਨੂੰ ਚਿੱਟੇ ਅਤੇ ਹੋਰ ਮੈਡੀਕਲ ਨਸ਼ਿਆਂ ਤੋਂ ਬਚਾਇਆ ਜਾ ਸਕੇ। ਫਿਲਹਾਲ ਸਰਕਾਰ ਅਫ਼ੀਮ ਦੀ ਖੇਤੀ 'ਤੇ ਵਿਚਾਰ ਕਰ ਰਹੀ ਹੈ।