
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਤੋਂ ਸੀਏਏ ਬਾਰੇ ਸਵਾਲ ਕੀਤਾ
Punjab News: ਚੰਡੀਗੜ੍ਹ - ਪੰਜਾਬ ਵਿਧਾਨ ਸਭਾ ਦਾ ਸੈਸ਼ਨ ਅਣਮਿੱਥੇ ਸਮੇਂ ਲਈ ਮੁਲਤਵੀ ਹੋ ਗਿਆ ਹੈ। ਅੱਜ ਸੀਐਮ ਭਗਵੰਤ ਮਾਨ ਦੇ ਭਾਸ਼ਣ ਤੋਂ ਬਾਅਦ ਇੱਕ ਵਾਰ ਫਿਰ ਹੰਗਾਮਾ ਹੋਇਆ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮੁੱਖ ਮੰਤਰੀ ਤੋਂ ਸੀਏਏ ਬਾਰੇ ਸਵਾਲ ਕੀਤਾ ਤੇ ਅਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ। ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਸੀਐਮ ਮਾਨ ਖ਼ੁਦ ਪ੍ਰਧਾਨ ਮੰਤਰੀ ਦੇ ਵਰਚੁਅਲ ਉਦਘਾਟਨ 'ਤੇ ਸਵਾਲ ਉਠਾ ਰਹੇ ਹਨ ਪਰ ਰਾਜ ਸਭਾ ਮੈਂਬਰ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਕੁਝ ਮੀਲ ਪੱਥਰ ਸਥਾਪਤ ਕੀਤੇ ਗਏ ਸਨ
ਪਰ ਹੁਣ 'ਆਪ' ਆਗੂ ਉਨ੍ਹਾਂ ਮੀਲ ਪੱਥਰਾਂ ਨੂੰ ਹਟਾ ਰਹੇ ਹਨ ਅਤੇ 'ਆਪ' ਸਰਕਾਰ ਆਪਣੇ ਮੀਲ ਪੱਥਰ ਸਥਾਪਤ ਕਰਨ ਦੀ ਤਿਆਰੀ ਕਰ ਰਹੀ ਹੈ। ਜੇ ਇਹ ਸਰਕਾਰ ਸੱਚੀ ਹੈ ਤਾਂ ਆਪਣੀ ਸਰਕਾਰ ਦੇ ਲੀਡਰਾਂ ਨੂੰ ਕਹੋ ਕਿ ਉਹ ਮੀਲ ਪੱਥਰਾਂ ਨੂੰ ਨਾ ਮਿਟਾਉਣ। ਇਸ ਦੇ ਨਾਲ ਹੀ ਬਾਜਵਾ ਨੇ ਆਮ ਆਦਮੀ ਪਾਰਟੀ ਨੂੰ ਵੀ ਸੀਏਏ 'ਤੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੈਸ਼ਨ ਦੀ ਸ਼ੁਰੂਆਤ ਪ੍ਰਸ਼ਨ ਕਾਲ ਦੌਰ ਨਾਲ ਹੋਈ। ਸਵਾਲ-ਜਵਾਬ ਦਾ ਦੌਰ ਖ਼ਤਮ ਹੁੰਦੇ ਹੀ ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣਾ ਸੰਬੋਧਨ ਸ਼ੁਰੂ ਕੀਤਾ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਕਈ ਮੈਂਬਰਾਂ ਦੇ ਸਵਾਲ ਹਨ ਅਤੇ ਉਹ ਸਦਨ ਵਿਚ ਨਹੀਂ ਪਹੁੰਚਦੇ। ਜਿਸ ਕਾਰਨ ਸਵਾਲ 'ਤੇ ਪੂਰੀ ਤਰ੍ਹਾਂ ਚਰਚਾ ਨਹੀਂ ਕੀਤੀ ਜਾ ਸਕਦੀ। ਇਹੀ ਮੈਂਬਰ ਬਾਹਰ ਜਾ ਕੇ ਕਹਿੰਦੇ ਹਨ ਕਿ ਉਨ੍ਹਾਂ ਨੂੰ ਬੋਲਣ ਦਾ ਸਮਾਂ ਨਹੀਂ ਦਿੱਤਾ ਜਾਂਦਾ।
ਸਿਫ਼ਰ ਕਾਲ ਦੌਰਾਨ ਭਾਜਪਾ ਵਿਧਾਇਕ ਅਸ਼ਵਨੀ ਸ਼ਰਮਾ ਨੇ ਕੇਂਦਰ ਵੱਲੋਂ ਗਰੀਬਾਂ ਦੇ ਮਕਾਨਾਂ ਦੀ ਮੁਰੰਮਤ ਲਈ ਦਿੱਤੇ ਪੈਸਿਆਂ ਵਿੱਚ ਪਠਾਨਕੋਟ ਨਿਗਮ ਕੌਂਸਲ ਵਿੱਚ ਘਪਲੇ ਦਾ ਮਾਮਲਾ ਉਠਾਇਆ ਸੀ ਪਰ ਸਪੀਕਰ ਨੇ ਉਨ੍ਹਾਂ ਨੂੰ ਟੋਕਦਿਆਂ ਕਿਹਾ ਕਿ ਤੁਸੀਂ ਘੱਟ ਸ਼ਬਦਾਂ ਵਿਚ ਬੋਲਣਾ ਸਿੱਖੋ। ਸੁਪਰੀਮ ਕੋਰਟ ਵਿਚ ਵੀ ਵਕੀਲ ਇੱਕ ਮਿੰਟ ਵਿਚ ਸਭ ਕੁੱਝ ਸਮਝਾ ਦਿੰਦੇ ਹਨ। ਪਰ ਤੁਸੀਂ ਸਾਰੇ ਵਿਧਾਇਕ ਮਧਾਨੀ ਰਿੜਕਣ ਲੱਗ ਜਾਂਦੇ ਹੋ। ਅੰਤ ਵਿਚ ਬਹਿਸ ਤੋਂ ਬਾਅਦ ਉਨ੍ਹਾਂ ਨੂੰ ਆਪਣੀ ਗੱਲ ਪੇਸ਼ ਕਰਨ ਲਈ 1 ਮਿੰਟ ਦਾ ਸਮਾਂ ਦਿੱਤਾ ਗਿਆ।