
'ਬਾਦਲਾਂ ਦੇ ਪਿੱਛਲੱਗ ਬਣ ਕੇ ਪੰਥਕ ਮਰਿਆਦਾ ਦਾ ਕੀਤਾ ਘਾਣ'
ਅੰਮ੍ਰਿਤਸਰ: ਸੰਤ ਸਮਾਜ ਦੇ ਆਗੂ ਗੁਰਪ੍ਰੀਤ ਸਿੰਘ ਰੰਧਾਵਾ ਨੇ ਸ਼੍ਰੋਮਣੀ ਕਮੇਟੀ ਦੇ ਸਕੱਤਰ ਨੂੰ ਚਿੱਠੀ ਲਿਖੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬਾਦਲਾਂ ਦੇ ਪਿੱਛਲੱਗ ਬਣ ਕੇ ਪੰਥਕ ਮਰਿਆਦਾ ਦਾ ਘਾਣ ਕੀਤਾ। ਰੰਧਾਵਾ ਨੇ ਚਿੱਠੀ ਵਿੱਚ ਲਿਖਿਆ ਹੈ ਕਿ ਤੁਹਾਨੂੰ ਸਖਤ ਸ਼ਬਦਾਂ ਵਿਚ ਇਹ ਚਿਤਾਵਨੀ ਦਿੱਤੀ ਜਾਂਦੀ ਹੈ ਕਿ ਪਿਛਲੇ ਦਿਨਾਂ ਤੋਂ ਤੁਸੀਂ ਬਤੌਰ ਸਕੱਤਰ, ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਸੰਵਿਧਾਨਿਕ ਅਤੇ ਨੈਤਿਕ ਫਰਜ਼ਾਂ ਤੋ ਉਲਟ ਜਾ ਕੇ ਇਕ ਧਿਰ ਅਕਾਲੀ ਦਲ ਬਾਦਲ ਦੀਆਂ ਪੰਥ ਵਿਰੋਧੀ ਕਾਰਵਾਈਆਂ ਵਿਚ ਹੱਥਠੋਕਾ ਬਣ ਕੇ ਕੰਮ ਕਰ ਰਹੇ ਹੋ ਜਿਸ ਦਾ ਪੰਥ ਵਿਚ ਬਹੁਤ ਵੱਡਾ ਰੋਸ ਹੈ। ਪੰਥਕ ਭਾਵਨਾਵਾਂ ਦੇ ਵਿਰੁਧ ਬਾਦਲ ਦਲ ਵਲੋਂ ਸਾਰੀਆਂ ਪੰਥਕ ਪ੍ਰੰਪਰਾਵਾਂ ਤੇ ਮਰਿਆਦਾਵਾਂ ਨੂੰ ਛਿੱਕੇ ਟੰਗ ਕੇ ਕੁਲਦੀਪ ਸਿੰਘ ਗੜਗੱਜ ਨੂੰ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਅਤੇ ਸ੍ਰੀ ਅਕਾਲ ਤਖਤ ਸਾਹਿਬ ਦਾ ਜੱਥੇਦਾਰ ਲਾਏ ਜਾਣ ਦੀ ਸਾਰੀ ਕਾਰਵਾਈ ਨੂੰ ਤੁਸੀਂ ਚਲਾ ਰਹੇ ਸੀ ਅਤੇ ਇਸ ਕਾਰਵਾਈ ਨੂੰ ਜਾਇਜ਼ ਦੱਸਣ ਲਈ ਤੁਹਾਡੇ ਵਲੋ ਆਪਣੇ ਬਿਆਨ ਵੀ ਜਾਰੀ ਕੀਤੇ ਗਏ।
ਇਹ ਕਾਰਵਾਈਆਂ ਤੁਹਾਡੇ ਅਹੁਦੇ ਦੇ ਨੈਤਿਕ ਅਤੇ ਸੰਵਿਧਾਨਿਕ ਫਰਜਾਂ ਦੇ ਉੱਲਟ ਹਨ ਅਤੇ ਜੇਕਰ ਤੁਸੀ ਇਸ ਤਰ੍ਹਾਂ ਬਾਦਲ ਦਲ ਦੇ ਹਥਠੋਕੇ ਬਣਨ ਤੋਂ ਬਾਜ ਨਾ ਆਏ ਤਾਂ ਤੁਹਾਡੇ ਖਿਲਾਫ ਸਾਨੂੰ ਮਜਬੂਰਨ ਹੋ ਕੇ ਸਖਤ ਕਾਰਵਾਈ ਕਰਨੀ ਪਵੇਗੀ ਜਿਸ ਦੇ ਵਿੱਚ ਤੁਹਾਡੀ ਪਿਛਲੀ ਕਾਰਗੁਜਾਰੀ ਦੀ ਗਹਿਨ ਪੜਤਾਲ ਕਰਵਾਉਣ ਅੱਤੇ ਸਖਤ ਸੰਵਿਧਾਨਕ ਕਾਰਵਾਈ ਲਈ ਸਾਨੂੰ ਮਜਬੂਰ ਹੋਣਾ ਪਵੇਗਾ। ਬਹਰਹਾਲ ਅਸੀ ਨਹੀਂ ਚਾਹੁੰਦੇ ਕਿ ਸ਼ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ ਜਾਂ ਮੁਲਾਜਮ ਦਾ ਕੋਈ ਨੁਕਸਾਨ ਹੋਵੇ ਅਤੇ ਨਾ ਹੀ ਅਸੀਂ ਸ਼ਰੋਮਣੀ ਕਮੇਟੀ ਦੇ ਕਿਸੇ ਅਧਿਕਾਰੀ, ਕਰਮਚਾਰੀ ਦੇ ਵਿਰੋਧੀ ਹਾਂ ਪਰ ਤੁਹਾਨੂੰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਤੁਸੀਂ ਸ਼ਰੋਮਣੀ ਕਮੇਟੀ ਦੇ ਅਧਿਕਾਰੀ ਹੋ ਨਾ ਕਿ ਅਕਾਲੀ ਦਲ ਬਾਦਲ ਦੇ। ਇਸ ਕਰਕੇ ਅਕਾਲੀ ਦਲ ਬਾਦਲ ਦੀਆਂ ਪੰਥ ਵਿਰੋਧੀ ਕਾਰਵਾਈਆਂ ਦਾ ਮੋਹਰਾ ਬਣਨ ਦੀ ਥਾਂ ਤੁਹਾਨੂੰ ਪੰਥ ਨਾਲ ਵਫਾਦਾਰੀ ਰੱਖਣੀ ਚਾਹੀਦੀ ਹੈ। ਇਹ ਤੁਹਾਨੂੰ ਸਾਡੇ ਵਲੋਂ ਪਹਿਲੀ ਤੇ ਆਖਰੀ ਚਿਤਾਵਨੀ ਹੈ।