
ਅੰਬੇਦਕਰ ਜਨਮ ਦਿਹਾੜੇ 'ਤੇ ਜਲੰਧਰ 'ਚ ਸਮਾਗਮ ਹੋਵੇਗਾ
ਇਸ ਪਾਸੇ ਕੇਂਦਰ ਦੀ ਮੋਦੀ ਸਰਕਾਰ ਡਾ. ਬੀ.ਆਰ. ਅੰਬੇਦਕਰ ਦੇ ਨਾਂ 'ਤੇ ਕਈ ਯੋਜਨਾਵਾਂ ਚਲਾ ਕੇ ਸਮਾਗਮ ਕਰ ਕੇ ਅਨੁਸੂਚਿਤ ਜਾਤੀ ਵੋਟਾਂ ਲੈਣ ਦੇ ਉਪਰਾਲੇ ਕਰ ਰਹੀ ਹੈ ਜਦਕਿ ਦੂਜੇ ਪਾਸੇ ਦੇਸ਼ ਵਿਚ ਸੱਭ ਤੋਂ ਵੱਧ ਅਨੁਸੂਚਿਤ ਜਾਤੀ ਦੀ 35 ਫ਼ੀ ਸਦੀ ਆਬਾਦੀ ਵਾਲੇ ਪੰਜਾਬ ਵਿਚ ਤਿੰਨ ਦਲਿਤ ਵਰਗ ਦੇ ਮੰਤਰੀਆਂ ਅਰੁਣਾ ਚੌਧਰੀ, ਸਾਧੂ ਸਿੰਘ ਧਰਮਸੋਤ, ਚਰਨਜੀਤ ਚੰਨੀ ਦੇ ਪ੍ਰਭਾਵ ਹੇਠ ਇਸ ਵਰਗ ਦੇ ਲੋਕਾਂ ਦੇ ਕਰਜ਼ ਮਾਫ਼ੀ ਦੀ ਕੋਸ਼ਿਸ਼ ਜਾਰੀ ਹੈ। ਦੋ ਦਿਨ ਬਾਅਦ 14 ਅਪ੍ਰੈਲ ਨੂੰ ਡਾ. ਅੰਬੇਦਕਰ ਜੈਯੰਤੀ 'ਤੇ ਜਲੰਧਰ ਵਿਚ ਸਮਾਗਮ ਕਰਨ ਦੀ ਤਫ਼ਸੀਲ ਦਿੰਦੇ ਹੋਏ ਅਨੁਸੂਚਿਤ ਜਾਤੀ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਮੀਡੀਆ ਨੂੰ ਦਸਿਆ ਕਿ ਮੁੱਖ ਮੰਤਰੀ ਖ਼ੁਦ ਇਸ ਮੌਕੇ 52 ਕਰੋੜ ਦੀ ਕਰਜ਼ ਮਾਫ਼ੀ ਦੇ ਸਰਟੀਫ਼ੀਕੇਟ ਸੈਂਕੜੇ ਗ਼ਰੀਬ ਲੋਕਾਂ ਨੂੰ ਦੇਣਗੇ।
Dharamsot
ਵੇਰਵੇ ਅਨੁਸਾਰ ਧਰਮਸੋਤ ਨੇ ਦਸਿਆ ਕਿ ਵੱਖ-ਵੱਖ ਕਾਰਪੋਰੇਸ਼ਨਾਂ ਤੋਂ ਕੰਮ ਧੰਦੇ, ਰੁਜ਼ਗਾਰ ਚਲਾਉਣ ਲਈ, ਗ਼ਰੀਬ ਲੋਕਾਂ ਨੇ ਇਹ ਕਰਜ਼ ਲਏ ਸਨ, ਕੰਮ ਫ਼ੇਲ ਹੋ ਗਿਆ, 90 ਫ਼ੀ ਸਦੀ ਡਿਫ਼ਾਲਟਰ ਹੋ ਗਏ, ਹੁਣ ਸਰਕਾਰ ਨੇ 50 ਹਜ਼ਾਰ ਤਕ ਦਾ ਕਰਜ਼ਾ ਮਾਫ਼ ਕਰਨ ਦਾ ਫ਼ੈਸਲਾ ਲਿਆ ਹੈ। ਅੰਕੜਿਆਂ ਮੁਤਾਬਕ 14208 ਅਨੁਸੂਚਿਤ ਜਾਤੀ ਦੇ ਅਤੇ 1630 ਪਛੜੀ ਜਾਤੀ ਦੇ ਲੋਕਾਂ ਦੇ ਕਰਜ਼ੇ ਮਾਫ਼ ਕੀਤੇ ਗਏ ਹਨ। ਹੁਣ ਤਕ ਕੁਲ 125 ਕਰੋੜ ਦਾ ਸਰਕਾਰੀ ਕਰਜ਼ਾ ਐਸਸੀ, ਬੀਸੀ ਵਰਗ ਦਾ ਖੜਾ ਹੈ। ਅਨੁਸੂਚਿਤ ਜਾਤੀ ਕਾਰਪੋਰੇਸ਼ਨ ਤੋਂ 20 ਹਜ਼ਾਰ ਲੋਕਾਂ ਨੇ ਕਰਜ਼ਾ ਲਿਆ ਸੀ ਪਰ ਮੋੜਿਆ ਨਹੀਂ। ਧਰਮਸੋਤ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਕਿਸਾਨੀ ਕਰਜ਼ਾ ਮਾਫ਼ੀ ਦੇ ਨਾਲ-ਨਾਲ ਖੇਤ ਮਜ਼ਦੂਰਾਂ ਦੇ ਕਰਜ਼ੇ ਮਾਫ਼ ਕਰਨ ਵਲ ਵੀ ਛੇਤੀ ਫ਼ੈਸਲਾ ਲਵੇਗੀ।