
'ਕੋਰੋਨਾ ਵਾਇਰਸ' ਨਾਲ ਪੀੜਤ ਮ੍ਰਿਤਕ ਦੀ ਦੇਹ ਦਾ ਸਸਕਾਰ ਕਰਨ ਲਈ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਵਲੋਂ ਕੁੱਝ ਹਦਾਇਤਾਂ/ ਗਾਈਡਲਾਈਨਜ਼ ਜਾਰੀ
ਫ਼ਰੀਦਕੋਟ (ਗੁਰਿੰਦਰ ਸਿੰਘ/ਲਖਵਿੰਦਰ ਹਾਲੀ): 'ਕੋਰੋਨਾ ਵਾਇਰਸ' ਨਾਲ ਪੀੜਤ ਮ੍ਰਿਤਕ ਦੀ ਦੇਹ ਦਾ ਸਸਕਾਰ ਕਰਨ ਲਈ ਸਿਹਤ ਅਤੇ ਪਰਵਾਰ ਭਲਾਈ ਵਿਭਾਗ ਵਲੋਂ ਕੁੱਝ ਹਦਾਇਤਾਂ/ ਗਾਈਡਲਾਈਨਜ਼ ਜਾਰੀ ਕੀਤੀਆਂ ਗਈਆਂ। ਇਸ ਸਬੰਧੀ ਜ਼ਿਲ੍ਹਾ ਮੈਜਿਸਟ੍ਰੇਟ ਕੁਮਾਰ ਸੌਰਭ ਰਾਜ ਨੇ ਦਸਿਆ ਕਿ ਕੋਰੋਨਾ ਵਾਇਰਸ ਪੀੜਤ ਵਿਅਕਤੀ ਦੀ ਮੌਤ ਹੋ ਜਾਣ ਉਪਰੰਤ ਮ੍ਰਿਤਕ ਦੇਹ ਪਰਵਾਰ ਦੇ ਮੈਂਬਰਾਂ ਵਲੋਂ ਹੀ ਸਬੰਧਤ ਹਸਪਤਾਲ ਤੋਂ ਪ੍ਰਾਪਤ ਕੀਤੀ ਜਾਵੇਗੀ ਅਤੇ ਸਮਸ਼ਾਨਘਾਟ 'ਚ ਸਸਕਾਰ ਪਰਵਾਰ ਵਲੋਂ ਸਰਕਾਰ ਦੀਆਂ ਗਾਈਡਲਾਈਨਜ਼/ ਹਦਾਇਤਾਂ ਮੁਤਾਬਕ ਸਰਕਾਰੀ ਗਠਿਤ ਕਮੇਟੀ ਦੀ ਹਾਜ਼ਰੀ 'ਚ ਕਰਨਾ ਲਾਜ਼ਮੀ ਹੋਵੇਗਾ।
ਜੇ ਮ੍ਰਿਤਕ ਦੇ ਪਰਵਾਰ ਦਾ ਮੈਂਬਰ ਉਸ ਦੀ ਲਾਸ਼ ਸਸਕਾਰ ਕਰਨ ਲਈ ਲੈਣ ਤੋਂ ਇਨਕਾਰ ਕਰਦਾ ਹੈ ਤਾਂ ਅਜਿਹੀ ਸਥਿਤੀ ਵਿਚ ਸਬੰਧਤ ਹਸਪਤਾਲ ਦੇ ਡਾਕਟਰ/ਮੈਡੀਕਲ ਸੁਪਰਡੈਂਟ ਵੱਲੋਂ ਇਸ ਬਾਰੇ ਸਬੰਧਤ ਥਾਣੇ ਦੇ ਮੁੱਖ ਥਾਣਾ ਅਫ਼ਸਰ ਨੂੰ ਲਿਖਤੀ ਸੂਚਨਾ ਭੇਜੀ ਜਾਵੇਗੀ। ਡਾਕਟਰ/ਮੈਡੀਕਲ ਸੁਪਰਡੰਟ ਵੱਲੋਂ ਸੂਚਨਾ ਮਿਲਣ ਉਪਰੰਤ ਸਬੰਧਤ ਥਾਣੇ ਦਾ ਮੁਖੀ ਜਾਂ ਉਸ ਵੱਲੋਂ ਨਿਯੁਕਤ ਕੀਤੇ ਥਾਣੇਦਾਰ ਤੁਰਤ ਪੰਜਾਬ ਪੁਲਿਸ ਰੂਲਜ਼-1929 ਦੇ ਸਬ ਪੈਰਾ (6) ਪੈਰਾ 25:36 ਨੂੰ ਮੁੱਖ ਰੱਖਦੇ ਹੋਏ ਪੜਤਾਲ/ਲੋੜੀਂਦੀ ਕਾਰਵਾਈ ਕਰਨ।
ਜੇ ਇਸ ਮ੍ਰਿਤਕ ਦਾ ਕੋਈ ਵੀ ਪਰਵਾਰਕ ਮੈਂਬਰ ਜਾਂ ਮਿੱਤਰ, ਮ੍ਰਿਤਕ ਦੀ ਦੇਹ ਲੈਣ ਨੂੰ ਤਿਆਰ ਨਹੀਂ ਹਨ ਤਾਂ ਇਸ ਮ੍ਰਿਤਕ ਦੇਹ ਨੂੰ ਅਨਕਲੇਮਡ ਡੈਡ ਬਾਡੀ ਤਸੱਵਰ ਕਰਦੇ ਹੋਏ ਮ੍ਰਿਤਕ ਦੀ ਲਾਸ਼ ਦਾ ਸਸਕਾਰ ਕਰਵਾਉਣ ਲਈ ਕਾਰਵਾਈ ਆਰੰਭ ਕਰੇਗਾ। ਕੋਰੋਨਾ ਵਾਇਰਸ ਪੀੜਤ ਮ੍ਰਿਤਕ ਦੀ ਲਾਸ਼ ਦਾ ਸਸਕਾਰ ਕਰਨ ਲਈ ਕਮੇਟੀ ਵੀ ਗਠਤ ਕੀਤੀ ਗਈ ਹੈ, ਜਿਸ ਵਿਚ ਡਿਊਟੀ ਮੈਜਿਸਟ੍ਰੇਟ ਜੋ ਸਬੰਧਤ ਉਪ ਮੰਡਲ ਮੈਜਿਸਟ੍ਰੇਟ ਵਲੋਂ ਤਾਇਨਾਤ ਕੀਤਾ ਜਾਵੇਗਾ।