
ਜ਼ਿਲ੍ਹੇ ਭਰ 'ਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਸੀਆਰਪੀਸੀ 1973 ਦੀ ਧਾਰਾ 144 (1974 ਦੀ ਧਾਰਾ 2) ਤਹਿਤ ਪਾਬੰਦੀਆਂ ਦੇ
ਐਸ.ਏ.ਐਸ ਨਗਰ (ਸੁਖਵਿੰਦਰ ਸਿੰਘ ਸ਼ਾਨ): ਜ਼ਿਲ੍ਹੇ ਭਰ 'ਚ ਕਣਕ ਦੀ ਵਾਢੀ ਦਾ ਸੀਜ਼ਨ ਸ਼ੁਰੂ ਹੋਣ ਦੇ ਨਾਲ ਹੀ ਜ਼ਿਲ੍ਹਾ ਪ੍ਰਸ਼ਾਸਨ ਸੀਆਰਪੀਸੀ 1973 ਦੀ ਧਾਰਾ 144 (1974 ਦੀ ਧਾਰਾ 2) ਤਹਿਤ ਪਾਬੰਦੀਆਂ ਦੇ ਹੁਕਮ ਲਾਗੂ ਕੀਤੇ ਹਨ। ਇਸ ਤਹਿਤ ਜ਼ਿਲ੍ਹਾ ਮੈਜਿਸਟਰੇਟ ਕਮ ਡਿਪਟੀ ਕਮਿਸ਼ਨਰ ਗਿਰੀਸ ਦਿਆਲਨ ਨੇ ਜ਼ਿਲ੍ਹੇ ਵਿਚ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਦੇ ਵਿਚਕਾਰ ਕੰਬਾਈਨ ਨਾਲ ਵਾਢੀ ਕਰਨ 'ਤੇ ਪਾਬੰਦੀ ਲਗਾਈ ਹੈ। ਇਸ ਦੇ ਨਾਲ ਹੀ ਉਨ੍ਹਾਂ ਹੁਕਮਾਂ ਵਿਚ ਕਿਹਾ ਕਿ ਕਣਕ ਦੀ ਵਾਢੀ ਸਵੇਰੇ ਛੇ ਵਜੇ ਤੋਂ ਸ਼ਾਮ ਸੱਤ ਵਜੇ ਤੱਕ ਹੀ ਕੀਤੀ ਜਾਵੇਗੀ।
ਇਨਾਂ ਹੁਕਮਾਂ ਵਿਚ ਅੱਗੇ ਕਿਹਾ ਗਿਆ ਹੈ ਕਿ ਵਾਢੀ ਦਾ ਕੰਮ ਕਰਨ ਵਾਲੇ ਵਿਅਕਤੀ 2 ਮੀਟਰ ਦੀ ਸਮਾਜਕ ਦੂਰੀ ਨੂੰ ਸਖਤੀ ਨਾਲ ਕਾਇਮ ਰੱਖਣਗੇ। ਇਸ ਤੋਂ ਇਲਾਵਾ ਕਣਕ ਦੀ ਨਾੜ ਸਾੜਨ 'ਤੇ ਵੀ ਪੂਰੀ ਤਰ•ਾਂ ਪਾਬੰਦੀ ਹੋਵੇਗੀ। ਜਾਰੀ ਹੁਕਮਾਂ ਅਨੁਸਾਰ ਕੰਬਾਈਨਾਂ ਨੂੰ ਉਦੋਂ ਤੱਕ ਇਸਤੇਮਾਲ ਕਰਨ ਦੀ ਆਗਿਆ ਨਹੀਂ ਦਿੱਤੀ ਜਾਏਗੀ ਜਦੋਂ ਤੱਕ ਵਾਢੀ ਕਰਨ ਵਾਲੇ ਸੁਪਰ ਐਸਐਮਐਸ ਉਪਕਰਣ ਨਹੀਂ ਲਗਾ ਲਏ ਜਾਂਦੇ।
ਇਹ ਵੀ ਕਿਹਾ ਗਿਆ ਹੈ ਕਿ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਇਹ ਯਕੀਨੀ ਬਣਾਉਣਗੇ ਕਿ ਪਿੰਡਾਂ ਵਿਚ ਕਣਕ ਦੀ ਅਗੇਤੀ, ਮੱਧਮ ਅਤੇ ਬਾਅਦ ਵਿਚ ਬਿਜਾਈ ਨੂੰ ਧਿਆਨ ਵਿਚ ਰੱਖਦਿਆਂ ਕੰਬਾਈਨਾਂ ਨੂੰ ਰੋਟੇਸਨਲ ਢੰਗ ਨਾਲ ਵਰਤਿਆ ਜਾਵੇ। ਇਹ ਹੁਕਮ 9 ਜੂਨ 2020 ਤਕ ਲਾਗੂ ਰਹਿਣਗੇ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਮੱਦੇਨਜ਼ਰ ਸੂਬੇ ਦੇ ਖੇਤੀਬਾੜੀ ਵਿਭਾਗ ਨੂੰ ਨਿਰਦੇਸ਼ ਦਿਤੇ ਗਏ ਹਨ ਕਿ ਖੇਤਾਂ ਵਿਚ ਵਰਤੋਂ ਤੋਂ ਪਹਿਲਾਂ ਕੰਬਾਇਨਾਂ ਨੂੰ ਲਾਜਮੀ ਤੌਰ 'ਤੇ ਸੈਨੀਟਾਈਜ਼ ਕੀਤਾ ਜਾਵੇ।