ਕਿਹਾ : ਮੇਰੇ ਕੋਲ ਉਨ੍ਹਾਂ ਦੇ ਹਰ ਸਵਾਲ ਦਾ ਜਵਾਬ ਹੈ ਤੇ ਹਰ ਸਵਾਲ ਦਾ ਜਵਾਬ ਮੈਂ ਸੰਗਤਾਂ ਸਾਹਮਣੇ ਰੱਖਾਂਗਾ
ਅੰਮ੍ਰਿਤਸਰ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਵਲੋਂ ਪਿਛਲੇ ਦਿਨੀ ਸ਼੍ਰੋਮਣੀ ਕਮੇਟੀ ਵਿਚ ਭ੍ਰਿਸ਼ਟਾਚਾਰ ਸਬੰਧੀ ਲਾਏ ਦੋਸ਼ਾਂ ਤੋਂ ਬਾਅਦ ਸ਼੍ਰੋਮਣੀ ਕਮੇਟੀ ਵਲੋਂ ਉਨ੍ਹਾਂ ਨੂੰ 72 ਘੰਟਿਆਂ ਅੰਦਰ ਸਬੂਤ ਦੇਣ ਦੇ ਦਿੱਤੇ ਨੋਟਿਸ ਤੋਂ ਬਾਅਦ ਹੁਣ ਗਿਆਨੀ ਰਘਬੀਰ ਸਿੰਘ ਨੇ ਵੀ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਵਲੋਂ ਲਗਾਏ ਗਏ ਦੋਸ਼ਾਂ ਦਾ 72 ਘੰਟਿਆਂ ਅੰਦਰ ਜਵਾਬ ਦੇਣ ਦੀ ਅਪੀਲ ਕੀਤੀ ਹੈ। ਜਾਰੀ ਵੀਡੀਓ ਬਿਆਨ ਵਿਚ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪਿਛਲੇ ਦਿਨੀ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਮੇਰੇ ਵਲੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਦਰ ਜੋ ਭ੍ਰਿਸ਼ਟਾਚਾਰ ਹੈ, ਉਹਦੇ ਮੁੱਦੇ ਉਠਾਏ ਸਨ। ਉਨ੍ਹਾਂ ਕਿਹਾ ਕਿ ਮੈਂ ਕੁਝ ਦਿਨਾਂ ਤੋਂ ਪੰਜਾਬ ਤੋਂ ਬਾਹਰ ਸੀ, ਇਸ ਲਈ ਮੈਨੂੰ ਹੁਣ ਸੋਸ਼ਲ ਮੀਡੀਆ ਰਾਹੀਂ ਪਤਾ ਲੱਗਾ ਹੈ ਕਿ 19 ਤਰੀਕ ਨੂੰ ਐਗਜੈਕਟਿਵ ਕਮੇਟੀ ਨੇ ਮੇਰੇ ਸਵਾਲਾਂ ਦੀ ਤਸੱਲੀ ਕਰਾਉਣ ਦੀ ਬਜਾਏ ਮੈਨੂੰ ਸਵਾਲ ਕਰਨ ਵਾਲੇ ਨੂੰ ਹੀ 72 ਘੰਟਿਆਂ ਦਾ ਨੋਟਿਸ ਦੇ ਕੇ ਮੇਰੇ ਕੋਲੋਂ ਜਵਾਬ ਮੰਗਿਆ ਹੈ।
ਤੁਸੀਂ ਸਾਡੇ ਉਨ੍ਹਾਂ ਸਵਾਲਾਂ ਦੀ ਤਸੱਲੀ ਕਰਾਉਣ ਦੀ ਬਜਾਏ ਤੁਸੀਂ ਉਨ੍ਹਾਂ ਸਵਾਲਾਂ ਦੇ ਜਵਾਬ ਦੇਣ ਦੀ ਬਜਾਏ ਤੁਸੀਂ ਉਲਟਾ ਮੈਨੂੰ ਹੀ 72 ਘੰਟੇ ਦਾ ਨੋਟਿਸ ਦੇ ਦਿੱਤਾ। ਉਨ੍ਹਾਂ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਕਿਹਾ ਕਿ ਮੈਂ ਕਹਿੰਦਾ ਕਿ ਜੋ ਅਸੀਂ ਸਵਾਲ ਕੀਤੇ ਨੇ ਤੁਸੀਂ ਉਨ੍ਹਾਂ ਸਵਾਲਾਂ ਦੇ ਜਵਾਬ 72 ਘੰਟਿਆਂ ਦੇ ਵਿਚ ਸਾਨੂੰ ਦਿਓ। ਜੇ ਨਹੀਂ ਤੇ 72 ਘੰਟਿਆਂ ਤੋਂ ਬਾਅਦ ਫਿਰ ਕੱਲਾ ਕੱਲਾ ਜੋ ਸਵਾਲ ਹੈ, ਉਹਦੇ ਜਵਾਬ ਅਸੀਂ ਸੰਗਤ ਦੇ ਸਾਹਮਣੇ ਰੱਖਾਂਗੇ, ਕਿਉਂਕਿ ਭ੍ਰਿਸ਼ਟਾਚਾਰ ਬਾਰੇ ਜਿੰਨੇ ਵੀ ਉਸ ਦਿਨ ਮੈਂ ਸਵਾਲ ਕੀਤੇ ਨੇ ਉਨ੍ਹਾਂ ਸਾਰੇ ਸਵਾਲਾਂ ਦੇ ਜਵਾਬ ਮੇਰੇ ਕੋਲ ਨੇ ਤੇ ਅਸੀਂ ਇਕੱਲਾ ਇਕੱਲਾ ਜਿਹੜਾ ਸਵਾਲ ਹੈ ਉਹ ਸੰਗਤ ਦੇ ਸਾਹਮਣੇ ਰੱਖਾਂਗੇ।
