
ਲੱਖਾ ਸਿਧਾਣਾ ਦੇ ਚਚੇਰੇ ਭਰਾ 'ਤੇ ਅਣਮਨੁੱਖੀ ਤਸ਼ੱਦਦ, ਹਾਲਤ ਗੰਭੀਰ
ਦਿੱਲੀ ਪੁਲਿਸ ਕਿਸਾਨ ਅੰਦੋਲਨ ਦੇ ਆਗੂਆਂ ਦੇ ਪ੍ਰਵਾਰਾਂ 'ਤੇ ਤਸ਼ੱਦਦ ਢਾਹ ਰਹੀ ਹੈ : ਲੱਖਾ ਸਿਧਾਣਾ
..
ਬਠਿੰਡਾ, 11 ਅਪ੍ਰੈਲ (ਬਲਵਿੰਦਰ ਸ਼ਰਮਾ): ਦਿੱਲੀ ਬਾਰਡਰਾਂ 'ਤੇ ਚਲ ਰਹੇ ਚਰਚਿਤ ਕਿਸਾਨ ਅੰਦੋਲਨ ਦੇ ਇਕ ਲੱਖੀ ਇਨਾਮ ਵਾਲਾ ਲੱਖਾ ਸਿਧਾਣਾ ਅੱਜ ਬਠਿੰਡਾ ਹਸਪਤਾਲ ਵਿਚ ਆਇਆ, ਪਰ ਪੁਲਿਸ ਦੇ ਹੱਥੋਂ ਫਿਸਲ ਗਿਆ | ਉਹ ਅਪਣੇ ਚਚੇਰੇ ਭਰਾ ਗੁਰਦੀਪ ਸਿੰਘ ਨੂੰ ਸਿਵਲ ਹਸਪਤਾਲ ਵਿਚ ਦਾਖ਼ਲ ਕਰਵਾਉਣ ਆਇਆ ਸੀ ਜਿਸ 'ਤੇ ਦਿੱਲੀ ਪੁਲਸ ਵਲੋਂ ਤਸ਼ੱਦਦ ਢਾਹੇ ਜਾਣ ਦਾ ਦੋਸ਼ ਹੈ |
ਲੱਖਾ ਸਿਧਾਣਾ ਨੇ ਦਸਿਆ ਕਿ ਉਸ ਦਾ ਚਚੇਰਾ ਭਰਾ ਗੁਰਦੀਪ ਸਿੰਘ ਵਾਸੀ ਪਿੰਡ ਅੱਜ ਪਟਿਆਲਾ ਵਿਖੇ ਲਾਅ ਦੀ ਪ੍ਰੀਖਿਆ ਦੇਣ ਲਈ ਗਿਆ ਸੀ ਜਿਸ ਨੂੰ ਦਿੱਲੀ ਪੁਲਿਸ ਨੇ ਬੱਸ ਅੱਡੇ 'ਚੋਂ ਹੀ ਅਗ਼ਵਾ ਕਰ ਲਿਆ | ਕਿਸੇ ਅਣਦੱਸੀ ਜਗ੍ਹਾ 'ਤੇ ਲਿਜਾ ਕੇ ਉਸ ਦੀ ਭਾਰੀ ਕੁੱਟਮਾਰ ਕੀਤੀ ਗਈ | ਪੁਲਿਸ ਨੇ ਉਸ ਨੂੰ ਧਮਕੀ ਦਿਤੀ ਹੈ ਕਿ ਲੱਖਾ ਸਿਧਾਣਾ ਨੂੰ ਦੱਸ ਦੇਵੇ ਕਿ ਜੇਕਰ ਕਿਸਾਨ ਅੰਦੋਲਨ ਦਾ ਰਾਹ ਨਾ ਛੱਡਿਆ ਤੇ ਖ਼ੁਦ ਨੂੰ ਪੁਲਿਸ ਹਵਾਲੇ ਨਾ ਕੀਤਾ ਤਾਂ ਉਸ ਨਾਲ ਦੀਪ ਸਿੱਧੂ ਤੋਂ ਵੀ ਮਾੜੀ ਕੀਤੀ ਜਾਵੇਗੀ | ਲੱਖਾ ਦਾ ਕਹਿਣਾ ਹੈ ਕਿ ਦਿੱਲੀ ਸਰਕਾਰ ਦੇ ਇਸ਼ਾਰੇ 'ਤੇ ਪੁਲਿਸ ਕਿਸਾਨ ਅੰਦੋਲਨ ਦੇ ਪ੍ਰਮੁੱਖ ਆਗੂਆਂ ਦੇ ਪ੍ਰਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾ ਰਹੀ ਹੈੇ | ਆਗੂਆਂ ਦੇ ਪ੍ਰਵਾਰਕ ਮੈਂਬਰਾਂ ਨੂੰ ਅਗ਼ਵਾ ਕਰ ਕੇ ਉਨ੍ਹਾਂ 'ਤੇ ਅਣਮਨੁੱਖੀ ਤਸ਼ੱਦਦ ਢਾਹਿਆ ਜਾ ਰਿਹਾ ਹੈ ਤਾਕਿ ਆਗੂ ਦਿੱਲੀ ਦਾ ਰਾਹ ਛੱਡਣ ਲਈ ਮਜਬੂਰ ਹੋ ਜਾਣ | ਪ੍ਰੰਤੂ ਦਿੱਲੀ ਸਰਕਾਰ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੀ ਮਿੱਟੀ ਡਰਪੋਕ ਨਹੀਂ ਜੰਮਦੀ, ਇਥੇ ਸ਼ੇਰ ਹੀ ਜੰਮਦੇ ਹਨ, ਜੋ ਇਨ੍ਹਾਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ | ਜੇ ਹੈ ਹਿੰਮਤ ਤਾਂ ਆਗੂਆਂ ਨੂੰ ਸਿੱਧਾ ਹੱਥ ਪਾਉ | ਉਨ੍ਹਾਂ ਕਿਹਾ ਕਿ ਉਹ ਪਿਛਾਂਹ ਨਹੀਂ ਹਟਣਗੇ, ਸਗੋਂ ਅੰਦੋਲਨ ਨੂੰ ਹੋਰ ਹਵਾ ਮਿਲ ਰਹੀ ਹੈ | ਦੂਜੇ ਪਾਸੇ ਐਸ.ਐਸ.ਪੀ. ਭੁਪਿੰਦਰਜੀਤ ਸਿੰਘ ਵਿਰਕ
ਨੇ ਦਸਿਆ ਕਿ ਲੱਖਾ ਸਿਧਾਣਾ ਦੇ ਆਉਣ ਬਾਰੇ ਪਤਾ ਲੱਗਿਆ ਸੀ, ਜਿਸਨੂੰ ਗਿ੍ਫ਼ਤਾਰ ਕਰਨ ਲਈ ਪੁਲਸ ਪਾਰਟੀ ਵੀ ਮੌਕੇ 'ਤੇ ਭੇਜੀ ਗਈ ਸੀ | ਪ੍ਰੰਤੂ ਉਦੋਂ ਤੱਕ ਉਹ ਜਾ ਚੁੱਕਾ ਸੀ |
ਇਸ ਤੋਂ ਪਹਿਲਾਂ ਡਾ. ਰਵਿੰਦਰ ਸਿੰਘ ਨੇ ਦੱਸਿਆ ਕਿ ਗੁਰਦੀਪ ਸਿੰਘ ਨੂੰ ਕਾਫੀ ਸੱਟਾਂ ਲੱਗੀਆਂ ਹਨ, ਜਿਸਦੀ ਹਾਲਤ ਗੰਭੀਰ ਬਣੀ ਹੋਈ ਹੈ | ਫਿਲਹਾਲ ਉਹ ਬੇਹੋਸ਼ੀ ਦੀ ਹਾਲਤ ਵਿਚ ਹੈ |
ਇਸੇ ਦੌਰਾਨ ਸਿਧਾਣਾ ਪਿੰਡ ਤੋਂ ਆਏ ਵੱਡੀ ਗਿਣਤੀ ਲੋਕਾਂ ਨੇ ਦਿੱਲੀ ਸਰਕਾਰ ਤੇ ਦਿੱਲੀ ਪੁਲਸ ਖਿਲਾਫ ਨਾਅਰੇਬਾਜੀ ਕੀਤੀ | ਜਿਨ੍ਹਾਂ ਦਾ ਕਹਿਣਾ ਸੀ ਕਿ ਪੁਲਸ ਨੇ ਉਕਤ ਨੌਜ਼ਵਾਨ ਨਾਲ ਨਾਜਾਇਜ਼ ਧੱਕਾ ਕੀਤਾ ਹੈ, ਜਿਸਦੇ ਸੰਬੰਧ ਵਿਚ ਉਹ ਸਖ਼ਤ ਐਕਸ਼ਨ ਲੈਣਗੇ |
ਮਾਮਲਾ ਲੱਖਾ ਸਿਧਾਣਾ ਦੇ ਭਰਾ ਦੀ ਕੁੱਟਮਾਰ ਦਾ
ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਪੰਜਾਬ ਵਿਚ ਆ ਕੇ ਪੰਜਾਬੀਆਂ 'ਤੇ ਤਸ਼ੱਦਦ ਕਰ ਰਹੀ ਹੈ : ਸਿੱਧੂ
ਚੰਡੀਗੜ੍ਹ, 11 ਅਪ੍ਰੈਲ (ਭੁੱਲਰ): ਮੀਡੀਆ ਵਿਚ ਖ਼ਬਰਾਂ ਆ ਰਹੀਆਂ ਸਨ ਕਿ ਦਿੱਲੀ ਪੁਲਿਸ ਦੇ ਹੱਥ ਲੱਖਾ ਸਿਧਾਣਾ ਤਾਂ ਆਇਆ ਨਹੀਂ ਇਸ ਲਈ ਦਿੱਲੀ ਪੁਲਿਸ ਨੇ ਚਿੜ ਕੇ ਲੱਖੇ ਦੇ ਚਾਚੇ ਦੇ ਭਰਾ ਦੀ ਕੁੱਟਮਾਰ ਕਰ ਦਿਤੀ | ਇਸੇ ਸਬੰਧ ਵਿਚ ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਕਿ ਇਹ ਸ਼ਰਮਨਾਕ ਹੈ ਕਿ ਦਿੱਲੀ ਪੁਲਿਸ ਸਾਡੇ ਪੰਜਾਬ ਦੇ ਅਧਿਕਾਰ ਖੇਤਰ ਵਿਚ ਆ ਕੇ ਪੰਜਾਬੀਆਂ 'ਤੇ ਤਸ਼ੱਦਦ ਕਰ ਰਹੀ ਹੈ | ਇਹ ਪੰਜਾਬ ਸਰਕਾਰ ਦੇ ਅਧਿਕਾਰਾਂ ਦੀ ਉਲੰਘਣਾ ਹੈ, ਆਖ਼ਰ ਇਹ ਕਿਸ ਦੀ ਸ਼ੈਅ 'ਤੇ ਹੋ ਰਿਹਾ ਹੈ ?
ਇਥੇ ਹੀ ਬਸ ਨਹੀਂ ਨਵਜੋਤ ਸਿੰਘ ਸਿੱਧੂ ਨੇ ਨਸੀਹਤ ਦਿੰਦਿਆਂ ਆਖਿਆ ਹੈ ਕਿ ਸਾਨੂੰ ਮਮਤਾ ਬੈਨਰਜੀ ਤੋਂ ਸਬਕ ਸਿਖਣਾ ਚਾਹੀਦਾ ਹੈ, ਜਿਸ ਨੇ ਪਛਮੀ ਬੰਗਾਲ ਦੇ ਅਧਿਕਾਰ ਖੇਤਰ 'ਚ ਘੁਸਪੈਠ ਕਰਨ ਸਮੇਂ ਸੀ.ਬੀ.ਆਈ. ਨੂੰ ਸਲਾਖਾਂ ਪਿੱਛੇ ਕਰ ਦਿਤਾ ਸੀ | ਇਥੇ ਹੀ ਬਸ ਨਹੀਂ ਫੇਸਬੁੱਕ 'ਤੇ ਅਪਲੋਡ ਕੀਤੇ ਗਏ ਇਸ ਸਟੇਟਸ ਦੇ ਅਖ਼ੀਰ ਵਿਚ ਸਿੱਧੂ ਵਲੋਂ ਲੱਖਾ ਸਿਧਾਣਾ ਨੂੰ ਹੈਸ਼ਟੈਗ ਵੀ ਕੀਤਾ ਗਿਆ ਹੈ | ਦਰਅਸਲ ਲੱਖਾ ਸਿਧਾਣਾ ਨੇ ਅਪਣੇ ਚਾਚੇ ਦੇ ਪੁੱਤ ਗੁਰਦੀਪ ਸਿੰਘ 'ਤੇ ਦਿੱਲੀ ਪੁਲਿਸ ਵਲੋਂ ਤਸ਼ੱਦਦ ਕਰਨ ਦੇ ਦੋਸ਼ ਲਗਾਏ ਹਨ | ਸੂਤਰਾਂ ਮੁਤਾਬਕ ਦਸਿਆ ਜਾ ਰਿਹਾ ਹੈ ਕਿ ਪੁਲਿਸ ਨੇ ਗੁਰਦੀਪ ਸਿੰਘ ਨੂੰ ਪਟਿਆਲੇ ਤੋਂ ਚੁੱਕਿਆ ਸੀ | ਤਿੰਨ ਦਿਨ ਪਹਿਲਾਂ ਉਹ ਪਟਿਆਲਾ ਗਿਆ ਸੀ, ਜਿimageਥੋਂ ਪੁਲਿਸ ਨੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਉਧਰ ਲੱਖਾ ਸਿਧਾਣਾ ਨੇ ਇਸ ਮਾਮਲੇ 'ਤੇ ਸਵਾਲ ਚੁੱਕਦੇ ਹੋਏ ਆਖਿਆ ਕਿ ਦਿੱਲੀ ਦੀ ਪੁਲਿਸ ਪਟਿਆਲਾ ਵਿਚ ਆ ਕੇ ਕਿਸ ਤਰ੍ਹਾਂ ਪੰਜਾਬ ਪੁਲਿਸ ਦੀ ਬਿਨਾਂ ਜਾਣਕਾਰੀ ਤੋਂ ਕਿਸੇ ਨੂੰ ਇਸ ਤਰ੍ਹਾਂ ਚੁੱਕ ਸਕਦੀ ਹੈ | ਪ੍ਰਵਾਰ ਦਾ ਦੋਸ਼ ਹੈ ਕਿ ਲੱਖਾ ਸਿਧਾਣਾ ਨੂੰ ਕਿਸਾਨ ਅੰਦੋਲਨ 'ਚ ਪੈਰ ਪਿਛਾਂਹ ਖਿੱਚਣ ਲਈ ਦਬਾਅ ਪਾਇਆ ਜਾ ਰਿਹਾ ਹੈ |