
ਜੀਂਦ ’ਚ ਸਾਢੇ 8 ਕਰੋੜ ਦੇ ਪੁਰਾਣੇ ਨਕਲੀ ਨੋਟ ਬਰਾਮਦ, ਚਾਰ ਗ੍ਰਿਫ਼ਤਾਰ
ਜੀਂਦ, 11 ਅਪ੍ਰੈਲ : ਹਰਿਆਣਾ ਦੇ ਜੀਂ ਜ਼ਿਲ੍ਹੇ ਦੇ ਹਾਡਵਾ ਪਿੰਡ ’ਚ ਸਾਬਕਾ ਸਰਪੰਚ ਦੇ ਘਰ ਤੋਂ ਐਤਵਾਰ ਦੇਰ ਰਾਤ ਅੱਠ ਕਰੋੜ 42 ਲੱਖ 60 ਹਜ਼ਾਰ ਰੁਪਏ ਦੇ ਪੁਰਾਣੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ ਅਤੇ ਇਸ ਮਾਮਲੇ ’ਚ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਨੋਟਾਂ ਦਾ ਸੌਦਾ 25 ਫ਼ੀ ਸਦੀ ’ਤੇ ਕੀਤਾ ਗਿਆ ਸੀ। ਪੁਲਿਸ ਨੇ ਇਸ ਦੀ ਜਾਣਕਾਰੀ ਦਿਤੀ। ਪੁਲਿਸ ਨੇ ਦਸਿਆ ਹਰਿਆਣਾ ਦੇ ਪਾਣੀਪਤ ਜ਼ਿਲ੍ਹੇ ਦੇ ਰਹਿਣ ਵਾਲੇ ਸੁਨੀਲ ਨਾਂ ਦੇ ਵਿਅਕਤੀ ਨੇ ਸਾਬਕਾ ਸਰਪੰਚ ਦੇ ਬੇਟੇ ਸੰਜੇ ਨੂੰ 20 ਕਰੋੜ ਰੁਪਏ ਦੇ ਪੁਰਾਣੇ ਨਕਲੀ ਨੋਟਾਂ ਦੀ ਸਪਲਾਈ ਦਾ ਆਰਡਰ ਦਿਤਾ ਸੀ ਜਿਸ ਵਿਚ ਕਰੀਬ ਸਾਢੇ ਅੱਠ ਕਰੋੜ ਰੁਪਏ ਦੇ ਜਾਲੀ ਨੋਟ ਛਾਪ ਚੁਕੇ ਸਨ ਅਤੇ ਸਪਲਾਈ ਲਈ ਇਸ ਨੂੰ ਲੈ ਜਾਣ ਤੋਂ ਪਹਿਲਾਂ ਪੁਲਿਸ ਨੇ ਨਕਲੀ ਨੋਟ ਜ਼ਬਤ ਕਰ ਲਏ। ਉਨ੍ਹਾਂ ਦਸਿਆ ਕਿ ਪੁਲਿਸ ਨੇ ਮੌਕੇ ਤੋਂ ਪਿੰਡ ਹਾਡਵਾ ਨਿਵਾਸੀ ਸੰਜੇ, ਪਿੰਡ ਜੈਸਿੰਘਪੁਰਾ ਨਿਵਾਸੀ ਹਰਦੀਪ, ਅਸੰਧ ਨਿਵਾਸੀ ਭਾਰਤ ਭੂਸ਼ਣ ਅਤੇ ਪਿੰਡ ਦੁਡਾਨਾ ਨਿਵਾਸੀ ਮੁਸਕੀਨ ਨੂੰ ਗ੍ਰਿਫ਼ਤਾਰ ਕਰ ਲਿਆ। (ਏਜੰਸੀ)