
ਫ਼ੂਡ ਅਤੇ ਸਪਲਾਈ ਵਿਭਾਗ ਦੇ ਮੁਲਾਜ਼ਮਾਂ ਨੇ ਸੁਪਰਡੈਂਟ ਦੀ ਕੀਤੀ ਗਿੱਦੜ ਕੁੱਟ, ਮੂੰਹ ’ਤੇ ਮਲੀ ਕਾਲਖ਼
ਬਠਿੰਡਾ, 12 ਅਪ੍ਰੈਲ (ਪਰਵਿੰਦਰ ਜੀਤ ਸਿੰਘ) : ਅਪਣੇ ਅਹੁਦੇ ਦੀ ਕਥਿਤ ਦੁਰਵਰਤੋਂ ਕਰ ਕੇ ਮਹਿਲਾ ਮੁਲਾਜ਼ਮਾਂ ਨੂੰ ਤੰਗ-ਪ੍ਰੇਸ਼ਾਨ ਕਰਨ, ਮੁਲਾਜ਼ਮਾਂ ਨੂੰ ਗ਼ਲਤ ਆਰਟੀਆਈ ਪਾ ਕੇ ਮਾਨਸਿਕ ਪ੍ਰੇਸ਼ਾਨੀਆਂ ਵਿਚ ਪਾਉਣ ਅਤੇ ਭੱਦੀ ਸ਼ਬਦਾਵਲੀ ਦੀਆਂ ਸ਼ਿਕਾਇਤਾਂ ਕਰਨ ਵਾਲੇ ਸਰਕਾਰੀ ਅਧਿਕਾਰੀ ਨੂੰ ਅੱਜ ਅਪਣੇ ਤਰੀਕੇ ਨਾਲ ਸਜ਼ਾ ਦੇਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਉਕਤ ਅਧਿਕਾਰੀ ਨੂੰ ਸਜ਼ਾ ਇਸ ਤਰੀਕੇ ਨਾਲ ਦਿਤੀ ਗਈ ਕਿ ਲੋਕ ਅੱਖਾਂ ਅੱਡ-ਅੱਡ ਵੇਖਦੇ ਰਹੇ। ਸਜ਼ਾ ਦੇਣ ਦੀ ਥਾਂ ਵੀ ਸੰਵਿਧਾਨ ਦੇ ਨਿਰਮਾਤਾ ਡਾ ਭੀਮ ਰਾਓ ਅੰਬੇਦਕਰ ਜੀ ਦੇ ਬੁੱਤ ਦੇ ਸਾਹਮਣੇ ਵਾਲਾ ਪਾਰਕ ਸੀ, ਜਿਥੇ ਉਕਤ ਅਧਿਕਾਰੀ ਤੋਂ ਪੀੜਤ ਮੁਲਾਜ਼ਮਾਂ ਨੇ ਉਸ ਦੀ ਚੰਗੀ “ਗਿੱਦੜ ਕੁੱਟ’’ ਕੀਤੀ, ਇਥੋਂ ਤਕ ਕੇ ਮੂੰਹ ’ਤੇ “ਕਾਲਖ’’ ਵੀ ਮਲ ਦਿਤੀ।
ਜਾਣਕਾਰੀ ਅਨੁਸਾਰ ਜ਼ਿਲ੍ਹਾ ਫ਼ੂਡ ਅਤੇ ਸਪਲਾਈ ਵਿਭਾਗ ਸ੍ਰੀ ਮੁਕਤਸਰ ਸਾਹਿਬ ਵਿਖੇ ਤੈਨਾਤ ਸੁਪਰਡੈਂਟ ਸ਼ੇਰ ਸਿੰਘ ਜੋ ਪਹਿਲਾਂ ਬਠਿੰਡਾ ਵਿਖੇ ਤੈਨਾਤ ਰਿਹਾ ਹੈ, ਨੇ ਮੁਕਤਸਰ ਵਿਖੇ ਤਬਦੀਲ ਹੁੰਦਿਆਂ ਹੀ ਬਠਿੰਡਾ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਦੀਆਂ ਅਗਿਆਤ ਵਿਅਕਤੀ ਦੇ ਨਾਮ ’ਤੇ ਗ਼ਲਤ ਆਰ.ਟੀ.ਆਈ. ਪਾਉਣੀਆਂ ਸ਼ੁਰੂ ਕਰ ਦਿਤੀਆਂ, ਇਥੋਂ ਤਕ ਕੇ ਭੱਦੀ ਸ਼ਬਦਾਵਲੀ ਲਿਖ ਕੇ ਸ਼ਿਕਾਇਤਾਂ ਵੀ ਦਿਤੀਆਂ ਗਈਆਂ, ਅਖੀਰ ਕਿਵੇਂ ਨਾ ਕਿਵੇਂ ਬਠਿੰਡਾ ਦੇ ਮੁਲਾਜ਼ਮਾਂ ਨੂੰ ਉਕਤ ਵਿਅਕਤੀ ਦੀ ਪਛਾਣ ਆ ਗਈ ਕਿ ਉਹ ਵਿਅਕਤੀ ਕੋਈ ਹੋਰ ਨਹੀਂ ਬਠਿੰਡਾ ਵਿਖੇ ਤਾਇਨਾਤ ਰਹੇ ਸੁਪਰਡੈਂਟ ਸਾਹਿਬ ਨਿਕਲੇ, ਜਿਸ ਨੂੰ ਅੱਜ ਬਹਾਨੇ ਸਿਰ ਬੁਲਾ ਕੇ ਜ਼ਿਲ੍ਹਾ ਫ਼ੂਡ ਅਤੇ ਸਪਲਾਈ ਵਿਭਾਗ ਦੇ ਬਠਿੰਡਾ ਦੇ ਸਮੂਹ ਮੁਲਾਜ਼ਮਾਂ ਜਿਨ੍ਹਾਂ ਵਿਚ ਬਹੁ ਗਿਣਤੀ ਮਹਿਲਾ ਮੁਲਾਜ਼ਮਾਂ ਵੀ ਸ਼ਾਮਲ ਸਨ, ਨੇ ਅਪਣੇ ਤਰੀਕੇ ਨਾਲ ਗਿੱਦੜ ਕੁੱਟ ਕਰ ਕੇ ਸਜ਼ਾ ਦਿਤੀ ਅਤੇ ਮੂੰਹ ’ਤੇ ਕਾਲਖ ਵੀ ਮਲ ਦਿਤੀ।
ਇਸ ਮਾਮਲੇ ਸਬੰਧੀ ਨਾਮ ਨਾ ਛਾਪਣ ਦੀ ਸ਼ਰਤ ’ਤੇ ਮੁਲਾਜ਼ਮਾਂ ਨੇ ਕਿਹਾ ਕਿ ਉਕਤ ਸੁਪਰਡੈਂਟ ਸਾਹਬ ਮਨਚਲੇ ਸੁਭਾਅ ਦੇ ਸਨ ਅਤੇ ਉਨ੍ਹਾਂ ਨੂੰ ਗ਼ਲਤ ਆਰਟੀਆਈ ਪਾ ਕੇ, ਭੱਦੀ ਸ਼ਬਦਾਵਲੀ ਦੇ ਦੋਸ਼ ਲਾ ਕੇ ਸ਼ਿਕਾਇਤਾਂ ਕਰ ਕੇ ਤੰਗ ਪ੍ਰੇਸ਼ਾਨ ਕਰਦੇ ਆ ਰਹੇ ਸਨ, ਜਿਸ ਕਰ ਕੇ ਅੱਜ ਸਾਰਾ ਸੱਚ ਸਾਹਮਣੇ ਆਉਣ ’ਤੇ ਸਜ਼ਾ ਦਿਤੀ ਗਈ ਹੈ ਅਤੇ ਅਜਿਹਾ ਕਰ ਕੇ ਉਨ੍ਹਾਂ ਨੂੰ ਕੋਈ ਪਛਤਾਵਾ ਨਹੀਂ। ਉਨ੍ਹਾਂ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਉਕਤ ਸੁਪਰੀਡੈਂਟ ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ। ਮਾਮਲਾ ਪੁਲਿਸ ਦੇ ਦਰਬਾਰ ਵੀ ਪਹੁੰਚ ਚੁਕਿਆ ਹੈ।
ਇਸ ਮਾਮਲੇ ਸਬੰਧੀ ਜਦੋਂ ਜ਼ਿਲ੍ਹਾ ਖੁਰਾਕ ਤੇ ਸਪਲਾਈ ਵਿਭਾਗ ਦੇ ਏਐਫਐਸਓ ਸੰਦੀਪ ਭਾਟੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸੁਪਰੀਡੈਂਟ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ ਪਰ ਕਾਲਖ ਮਲਣ ਬਾਰੇ ਕੋਈ ਜਾਣਕਾਰੀ ਨਹੀਂ। ਐਸਐਸਪੀ ਜੇ ਇਲੇਨਚਜੀਆਨ ਨੇ ਦਸਿਆ ਕਿ ਉਕਤ ਮਾਮਲੇ ਦੀ ਜਾਂਚ ਐਸਪੀ ਨੂੰ ਦਿਤੀ ਗਈ ਹੈ ਅਤੇ ਰੀਪੋਰਟ ਆਉਣ ’ਤੇ ਹੀ ਕਾਰਵਾਈ ਕੀਤੀ ਜਾਵੇਗੀ। ਉਕਤ ਅਧਿਕਾਰੀ ਨੂੰ ਮਹਿਲਾਵਾਂ ਵਲੋਂ ਮੂੰਹ ’ਤੇ ਕਾਲਖ ਮਲ ਕੇ ਦਿਤੀ ਗਈ ਸਜ਼ਾ ਦੀ ਸਾਰੇ ਮਿੰਨੀ ਸਕੱਤਰੇਤ ਦੇ ਮੁਲਾਜ਼ਮਾਂ ਅਤੇ ਸ਼ਹਿਰ ਵਿਚ ਖੂਬ ਚਰਚਾ ਹੈ।