
ਨੈਸ਼ਨਲ ਹੈਰਾਲਡ ਮਾਮਲਾ : ਈ.ਡੀ. ਨੇ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਤੋਂ ਕੀਤੀ ਪੁਛਗਿਛ
ਨਵੀਂ ਦਿੱਲੀ, 11 ਅਪ੍ਰੈਲ : ਨੈਸ਼ਨਲ ਹੈਰਾਲਡ ਭਿ੍ਰਸ਼ਟਾਚਾਰ ਮਾਮਲੇ ’ਚ ਈਡੀ ਨੇ ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਤੋਂ ਸੋਮਵਾਰ ਨੂੰ ਇਥੇ ਪੁਛਗਿਛ ਕੀਤੀ। ਅਧਿਕਾਰੀਆਂ ਨੇ ਦਸਿਆ ਕਿ ਈਡੀ ਨੇ ਉਸ ਨੂੰ ਸੋਮਵਾਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤਾ ਸੀ। ਇਸ ਮਾਮਲੇ ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਨੇਤਾ ਰਾਹੁਲ ਗਾਂਧੀ ਵੀ ਦੋਸ਼ੀ ਹਨ।
ਦਸ ਦੇਈਏ ਕਿ ਸੁਬਰਾਮਨੀਅਮ ਸਵਾਮੀ ਨੇ ਸਾਲ 2012 ਵਿਚ ਅਦਾਲਤ ਵਿਚ ਕੇਸ ਦਾਇਰ ਕੀਤਾ ਸੀ। ਸਵਾਮੀ ਨੇ ਦੋਸ਼ ਲਾਇਆ ਸੀ ਕਿ ਐਸੋਸੀਏਟਿਡ ਜਰਨਲਜ ਲਿਮਟਿਡ (ਏਜੇਐਲ) ਦੀ ਪ੍ਰਾਪਤੀ ਵਿਚ ਕੁੱਝ ਕਾਂਗਰਸੀ ਆਗੂ ਧੋਖਾਧੜੀ ਵਿਚ ਸ਼ਾਮਲ ਸਨ। ਦਰਅਸਲ, ਏਜੇਐਲ ਦੀ ਸਥਾਪਨਾ 20 ਨਵੰਬਰ 1937 ਨੂੰ ਵੱਖ-ਵੱਖ ਭਾਸ਼ਾਵਾਂ ਵਿਚ ਅਖ਼ਬਾਰਾਂ ਦੇ ਪ੍ਰਕਾਸਨ ਲਈ ਭਾਰਤੀ ਕੰਪਨੀ ਐਕਟ, 1913 ਦੇ ਤਹਿਤ ਇਕ ਪਬਲਿਕ ਲਿਮਟਿਡ ਕੰਪਨੀ ਵਜੋਂ ਕੀਤੀ ਗਈ ਸੀ। ਏਜੇਐਲ ਦੀ ਵਪਾਰਕ ਸੰਪਤੀਆਂ ਦੀ ਪ੍ਰਾਪਤੀ ਯੰਗ ਇੰਡੀਆ ਦੇ ਗਠਨ ਦੇ ਤਿੰਨ ਮਹੀਨਿਆਂ ਦੇ ਅੰਦਰ ਬਿਨਾਂ ਕਿਸੇ ਟੈਕਸ ਅਤੇ ਸਟੈਂਪ ਡਿਊਟੀ ਦਾ ਭੁਗਤਾਨ ਕੀਤੇ ਪੂਰੀ ਕੀਤੀ ਗਈ ਸੀ। 27 ਦਸੰਬਰ, 2017 ਦੇ ਇਕ ਆਦੇਸ਼ ਵਿਚ, ਆਮਦਨ ਕਰ ਵਿਭਾਗ ਨੇ ਇਸ ‘ਧੋਖੇਬਾਜ ਲੈਣ-ਦੇਣ’ ਵਿਚ ਗਾਂਧੀ ਪ੍ਰਵਾਰ ਨੂੰ 414.40 ਕਰੋੜ ਰੁਪਏ ਦੇ ਮੁਨਾਫ਼ੇ ’ਤੇ 249.15 ਕਰੋੜ ਰੁਪਏ ਦਾ ਟੈਕਸ ਲਗਾਇਆ ਸੀ। ਯੰਗ ਇੰਡੀਆ ਨੇ ਇਸ ਸੀਆਈਟੀ (ਏ) ਹੁਕਮ ਨੂੰ ਇਨਕਮ ਟੈਕਸ ਅਪੀਲੀ ਟਿ੍ਰਬਿਊਨਲ ਵਿਚ ਚੁਣੌਤੀ ਦਿਤੀ ਹੈ। (ਏਜੰਸੀ)