
ਰੋਪਵੇਅ ਹਾਦਸੇ ’ਚ ਦੋ ਦੀ ਮੌਤ, 48 ਲੋਕ ਟਰਾਲੀਆਂ ’ਚ ਫਸੇ
ਦੇਵਘਰ, 11 ਅਪ੍ਰੈਲ : ਝਾਰਖੰਡ ਦੇ ਦੇਵਘਰ ਜ਼ਿਲ੍ਹੇ ’ਚ ਬਾਬਾ ਬੈਦਿਆਨਾਥ ਮੰਦਰ ਨੇੜੇ ਤਿ੍ਰਕੁਟ ਪਹਾੜੀ ’ਤੇ 12 ਰੋਪਵੇਅ ਟਰਾਲੀਆਂ ਇਕ ਦੂਜੇ ਨਾਲ ਟਕਰਾ ਗਈਆਂ। ਇਸ ਹਾਦਸੇ ’ਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 48 ਹੋਰ ਟਰਾਲੀਆਂ ਵਿਚ ਫਸ ਗਏ। ਇਕ ਸੀਨੀਅਰ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿਤੀ। ਅਧਿਕਾਰੀ ਮੁਤਾਬਕ ਇਹ ਹਾਦਸਾ ਐਤਵਾਰ ਸ਼ਾਮ ਕਰੀਬ 4.30 ਵਜੇ ਵਾਪਰਿਆ, ਜਿਸ ’ਚ 10 ਸੈਲਾਨੀ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ ਅਤੇ ਇਨ੍ਹਾਂ ’ਚੋਂ ਇਕ ਦੀ ਦੇਰ ਰਾਤ ਤੇ ਇਕ ਦੀ ਅੱਜ ਸਵੇਰੇ ਮੌਤ ਹੋ ਗਈ। ਉਨ੍ਹਾਂ ਦਸਿਆ ਕਿ ਹਵਾਈ ਸੈਨਾ ਦੇ 2 ਹੈਲੀਕਾਪਟਰ ਫਸੇ ਹੋਏ ਲੋਕਾਂ ਨੂੰ ਬਚਾਉਣ ਲਈ ਪਹੁੰਚੇ। ਦੇਵਘਰ ਦੇ ਡਿਪਟੀ ਕਮਿਸ਼ਨਰ (ਡੀਸੀ) ਮੰਜੂਨਾਥ ਭਜੰਤਰੀ ਨੇ ਦਸਿਆ,“ਸਾਰੇ ਸੈਲਾਨੀਆਂ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਕਢਣ ਲਈ ਸਾਰੇ ਯਤਨ ਕੀਤੇ ਜਾ ਰਹੇ ਹਨ।
ਐਨਡੀਆਰਐਫ਼ ਦੀ ਟੀਮ ਵੀ ਐਤਵਾਰ ਰਾਤ ਤੋਂ ਹੀ ਕੰਮ ’ਤੇ ਲੱਗੀ ਹੋਈ ਹੈ ਅਤੇ 11 ਲੋਕਾਂ ਨੂੰ ਉਸ ਨੇ ਕਢਿਆ ਹੈ। ਬਚਾਅ ਮੁਹਿੰਮ ’ਚ ਸਥਾਨਕ ਲੋਕ ਵੀ ਮਦਦ ਕਰ ਰਹੇ ਹਨ। ਘਟਨਾ ’ਚ 10 ਲੋਕ ਜ਼ਖ਼ਮੀ ਹੋਏ ਹਨ, ਜਿਨ੍ਹਾਂ ’ਚੋਂ ਇਕ ਦੀ ਦੇਰ ਰਾਤ ਮੌਤ ਹੋ ਗਈ। ਹਾਦਸੇ ਦੇ ਕਾਰਨਾਂ ਬਾਰੇ ਪੁੱਛੇ ਜਾਣ ’ਤੇ ਡੀ.ਸੀ. ਨੇ ਕਿਹਾ ਕਿ ਫਿਲਹਾਲ ਜ਼ਿਲ੍ਹੇ ਦਾ ਸਮੁੱਚਾ ਸਟਾਫ਼ ਫਸੇ ਲੋਕਾਂ ਨੂੰ ਕਢਣ ’ਚ ਲੱਗਾ ਹੋਇਆ ਹੈ ਅਤੇ ਬਚਾਅ ਕਾਰਜ ਖ਼ਤਮ ਹੋਣ ਤੋਂ ਬਾਅਦ ਹੀ ਜਾਂਚ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਹਿਲੀ ਨਜਰੇ ਇਹ ਜਾਪਦਾ ਹੈ ਕਿ ਹਾਦਸਾ ਤਕਨੀਕੀ ਨੁਕਸ ਕਾਰਨ ਵਾਪਰਿਆ ਹੈ। ਡੀ.ਸੀ. ਅਨੁਸਾਰ ਰੋਪਵੇਅ ਦਾ ਸੰਚਾਲਨ ਇਕ ਨਿਜੀ ਕੰਪਨੀ ਵਲੋਂ ਕੀਤਾ ਜਾ ਰਿਹਾ ਹੈ। ਇਸ ਨੂੰ ਚਲਾ ਰਹੇ ਚਾਲਕ ਹਾਦਸੇ ਤੋਂ ਕੱੁਝ ਦੇਰ ਬਾਅਦ ਹੀ ਉੱਥੋਂ ਫਰਾਰ ਹੋ ਗਏ। ਝਾਰਖੰਡ ਸੈਰ-ਸਪਾਟਾ ਵਿਭਾਗ ਦੇ ਅਨੁਸਾਰ, ਇਹ ਰੋਪਵੇਅ ਬਾਬਾ ਬੈਦਿਆਨਾਥ ਮੰਦਰ ਤੋਂ ਲਗਭਗ 20 ਕਿਲੋਮੀਟਰ ਦੀ ਦੂਰੀ ’ਤੇ ਸਥਿਤ ਹੈ ਅਤੇ ਇਹ 766 ਮੀਟਰ ਲੰਮਾ ਹੈ ਜਦੋਂ ਕਿ ਪਹਾੜੀ 392 ਮੀਟਰ ਉੱਚੀ ਹੈ। (ਏਜੰਸੀ)