
1200 ਪ੍ਰਵਾਸੀ ਕਾਮਿਆਂ ਨੂੰ ਲੈ ਕੇ ਅੰਮ੍ਰਿਤਸਰ ਤੋਂ ਚੌਥੀ ਰੇਲ ਗੱਡੀ ਗੌਂਡਾ ਲਈ ਰਵਾਨਾ
ਅੰਮ੍ਰਿਤਸਰ, 11 ਮਈ (ਅਰਵਿੰਦਰ ਵੜੈਚ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪ੍ਰਵਾਸੀ ਮਜ਼ਦੂਰਾਂ ਨੂੰ ਉਨ੍ਹਾਂ ਦੇ ਸੂਬਿਆਂ 'ਚ ਭੇਜਣ ਦੀ ਕੀਤੀ ਪਹਿਲ ਤਹਿਤ ਸੋਮਵਾਰ ਦੀ ਦੁਪਹਿਰ ਨੂੰ ਅੰਮ੍ਰਿਤਸਰ ਤੋਂ ਚੌਥੀ ਰੇਲ ਗੱਡੀ ਗੌਂਡਾ ਲਈ ਰਵਾਨਾ ਹੋ ਗਈ। ਇਸ ਰੇਲ ਗੱਡੀ ਵਿਚ ਗਏ 1200 ਮੁਸਾਫ਼ਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਲੈ ਕੇ ਰੇਲ ਗੱਡੀ ਵਿਚ ਚੜ੍ਹਾਉਣ ਤਕ ਦਾ ਸਾਰਾ ਪ੍ਰਬੰਧ ਪੰਜਾਬ ਸਰਕਾਰ ਵਲੋਂ ਕੀਤਾ ਗਿਆ।
ਡਾਕਟਰੀ ਨਿਰੀਖਣ, ਟਿਕਟਾਂ ਦੀ ਵੰਡ, ਖਾਣਾ ਅਤੇ ਰੇਲ ਗੱਡੀ ਵਿਚ ਚੜ੍ਹਾਉਣ ਤਕ ਹਰ ਥਾਂ ਸਿਹਤ ਵਿਭਾਗ ਦੀਆਂ ਸਾਵਧਾਨੀਆਂ ਦਾ ਧਿਆਨ ਰਖਦੇ ਹੋਏ ਆਪਸੀ ਦੂਰੀ ਨੂੰ ਬਰਕਰਾਰ ਰਖਿਆ ਗਿਆ ਜਿਸ ਸਦਕਾ ਇਹ ਯਾਤਰਾ ਬੜੀ ਸੁਰੱਖਿਅਤ ਸ਼ੁਰੂ ਹੋਈ। ਸਟੇਸ਼ਨ 'ਤੇ ਤਹਿਸੀਲਦਾਰ ਜੇਪੀ ਸਲਵਾਨ, ਤਹਿਸੀਲਦਾਰ ਵੀਰ ਕਰਨ ਸਿੰਘ, ਨਾਇਬ ਤਹਿਸੀਲਦਾਰ ਅਰਚਨਾ ਸ਼ਰਮਾ, ਕਾਨੂੰਨਗੋ ਅਸ਼ੋਕ ਸ਼ਰਮਾ ਤੇ ਹੋਰ ਅਧਿਕਾਰੀ ਵੀ ਮੁਸਾਫ਼ਰਾਂ ਨੂੰ ਤੋਰਨ ਅਤੇ ਪ੍ਰਬੰਧਾਂ ਲਈ ਹਾਜ਼ਰ ਰਹੇ। ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ ਵਲੋਂ ਇਸ ਕੰਮ ਲਈ ਕੀਤੀ ਯੋਜਨਾਬੰਦੀ ਸਦਕਾ ਇਹ ਸਾਰਾ ਪ੍ਰੋਗਰਾਮ ਵਧੀਆ ਢੰਗ ਨਾਲ ਨੇਪਰੇ ਚੜ੍ਹਿਆ।
ਐਸ.ਏ.ਐਸ. ਨਗਰ, 11 ਮਈ (ਸੁਖਦੀਪ ਸਿੰਘ ਸੋਈਂ): ਅੱਜ ਮੋਹਾਲੀ ਰੇਲਵੇ ਸਟੇਸ਼ਨ ਤੋਂ 1216 ਪ੍ਰਵਾਸੀ ਮਜ਼ਦੂਰਾਂ ਨੂੰ ਅਪਣੇ ਗ੍ਰਹਿ ਰਾਜ ਝਾਰਖੰਡ ਦੇ ਬਾਰਾਖਾਨਾ ਸਟੇਸ਼ਨ ਵਾਪਸ ਲੈ ਜਾਣ ਲਈ ਚੌਥੀ ਸ਼੍ਰਮਿਕ ਰੇਲ ਗੱਡੀ ਰਵਾਨਾ ਹੋ ਗਈ। ਜ਼ਿਲ੍ਹਾ ਪ੍ਰਸ਼ਾਸਨ ਵਲੋਂ ਨਿੱਘੀ ਵਿਦਾਇਗੀ ਦਿੰਦਿਆਂ ਪ੍ਰਵਾਸੀਆਂ ਨੂੰ 8 ਸਥਾਨਾਂ ਤੋਂ ਰੇਲਵੇ ਸਟੇਸ਼ਨ ਲਿਜਾਇਆ ਗਿਆ ਜਿਥੇ ਪਹਿਲਾਂ ਉਨ੍ਹਾਂ ਦੀ ਚੰਗੀ ਤਰਾਂ ਸਕ੍ਰੀਨਿੰਗ ਕੀਤੀ ਅਤੇ ਫਿਰ ਘਰ ਵਾਪਸੀ ਲਈ ਉਨ੍ਹਾਂ ਨੂੰ ਬਸਾਂ ਵਿਚ ਸਵਾਰ ਕਰ ਕੇ ਰੇਲਵੇ ਸਟੇਸ਼ਨ ਪਹੁੰਚਾਇਆ ਗਿਆ।
ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਵਾਸੀਆਂ ਨੂੰ ਪੈਕਡ ਫ਼ੂਡ ਪੈਕਟ, ਪਾਣੀ ਤੋਂ ਇਲਾਵਾ ਬਿਸਕੁਟ ਮੁਹਈਆ ਕਰਵਾਏ। ਉਨ੍ਹਾਂ ਅਪਣੇ ਰਾਜ ਦੀ ਸੁਰੱਖਿਅਤ ਯਾਤਰਾ ਦੀ ਸਹੂਲਤ ਲਈ ਪ੍ਰਸ਼ਾਸਨ ਦਾ ਤਹਿ ਦਿਲੋਂ ਧਨਵਾਦ ਕੀਤਾ।