
ਸੁਮੇਧ ਸੈਣੀ ਨੂੰ ਮਿਲੀ ਪੇਸ਼ਗੀ ਜ਼ਮਾਨਤ
ਐਸ.ਏ.ਐਸ ਨਗਰ, 11 ਮਈ (ਸੁਖਦੀਪ ਸਿੰਘ ਸੋਈਂ) : ਸਾਬਕਾ ਆਈ.ਏ.ਐਸ. ਅਧਿਕਾਰੀ ਡੀ.ਐਸ. ਮੁਲਤਾਨੀ ਦੇ ਪੁੱਤਰ ਬਲਵੰਤ ਸਿੰਘ ਮੁਲਤਾਨੀ ਨੂੰ 1991 ਵਿਚ ਅਗ਼ਵਾ ਕਰਨ ਅਤੇ ਬਾਅਦ ਵਿਚ ਉਸ ਦਾ ਕੋਈ ਥਹੁ ਪਤਾ ਨਾ ਲੱਗਣ ਦੇ ਮਾਮਲੇ ਵਿਚ ਮੁਹਾਲੀ ਦੀ ਅਦਾਲਤ ਵਲੋਂ ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਦੀ ਗ੍ਰਿਫ਼ਤਾਰੀ 'ਤੇ ਰੋਕ ਲਗਾਉਂਦਿਆਂ ਸ੍ਰੀ ਸੈਣੀ ਨੂੰ ਪੇਸ਼ਗੀ ਜ਼ਮਾਨਤ ਦੇ ਦਿਤੀ ਗਈ ਹੈ ਪਰ ਜਾਂਚ ਅਧਿਕਾਰੀ ਕੋਲ ਪੇਸ਼ ਹੋਣ ਲਈ ਵੀ ਕਿਹਾ ਹੈ।
ਇਸ ਤੋਂ ਪਹਿਲਾਂ ਬੀਤੇ ਸ਼ਨੀਵਾਰ ਨੂੰ ਹੋਈ ਸੁਣਵਾਈ ਦੌਰਾਨ ਮਾਣਯੋਗ ਅਦਾਲਤ ਵਲੋਂ ਇਸ ਮਾਮਲੇ ਵਿਚ ਦੋਹਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਫ਼ੈਸਲਾ ਸੋਮਵਾਰ ਤਕ ਲਈ ਰਾਖਵਾਂ ਰੱਖ ਲਿਆ ਗਿਆ ਸੀ ਅਤੇ ਅੱਜ ਬਾਅਦ ਦੁਪਹਿਰ ਚਾਰ ਵਜੇ ਦੇ ਕਰੀਬ ਮਾਣਯੋਗ ਅਦਾਲਤ ਵਲੋਂ ਸੈਣੀ ਨੂੰ ਪੇਸ਼ਗੀ ਜ਼ਮਾਨਤ ਦੇਣ ਦੇ ਫ਼ੈਸਲੇ ਦਾ ਐਲਾਨ ਕਰ ਦਿਤਾ ਗਿਆ ਜ਼ਿਕਰਯੋਗ ਹੈ ਕਿ ਮੁਹਾਲੀ ਪੁਲਿਸ ਵਲੋਂ ਪੰਜਾਬ ਪੁਲੀਸ ਦੇ ਸਾਬਕਾ ਮੁਖੀ ਸੁਮੇਧ ਸੈਣੀ ਵਿਰੁਧ 1991 ਵਿਚ ਇਕ ਸਾਬਕਾ ਆਈ.ਏ.ਐਸ. ਅਧਿਕਾਰੀ ਦੇ ਪੁੱਤਰ ਦੇ ਅਗ਼ਵਾ ਮਾਮਲੇ ਵਿਚ ਬੀਤੀ 6 ਮਈ ਨੂੰ ਥਾਣਾ ਮਟੌਰ ਵਿਚ ਆਈ.ਪੀ.ਸੀ. ਦੀ ਧਾਰਾ 364, 201, 344, 330, 219 ਅਤੇ 120 ਬੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ
File photo
ਜਿਸ ਤੋਂ ਬਾਅਦ ਸੈਣੀ ਵਲੋਂ ਇਸ ਮਾਮਲੇ ਵਿਚ ਮੁਹਾਲੀ ਅਦਾਲਤ ਵਿਚ ਪੇਸ਼ਗੀ ਜ਼ਮਾਨਤ ਦੀ ਅਰਜ਼ੀ ਦਿਤੀ ਗਈ ਸੀ। ਜ਼ਿਕਰਯੋਗ ਹੈ ਕਿ ਇਸ ਸਬੰਧੀ ਬੀਤੀ 9 ਮਈ ਨੂੰ ਹੋਈ ਸੁਣਵਾਈ ਦੌਰਾਨ ਸੈਣੀ ਵਲੋਂ ਪੇਸ਼ ਹੋਏ ਵਕੀਲਾਂ ਏ.ਪੀ. ਐਸ ਦਿਊਲ ਅਤੇ ਐਚ.ਐਸ. ਧਨੋਆ ਵਲੋਂ 29 ਸਾਲ ਪੁਰਾਣੇ ਮਾਮਲੇ ਵਿਚ ਦਰਜ ਹੋਈ ਐਫ਼.ਆਈ.ਆਰ ਨੂੰ ਹੀ ਚੁਣੌਤੀ ਦਿਤੀ ਸੀ ਅਤੇ ਸੈਣੀ ਨੂੰ ਬੇਕਸੂਰ ਦਸਦਿਆਂ ਉਨ੍ਹਾਂ ਨੂੰ ਪੇਸ਼ਗੀ ਜਮਾਨਤ ਦੇਣ ਦੀ ਗੱਲ ਕੀਤੀ ਜਦਕਿ ਸੈਣੀ ਦੇ ਵਿਰੋਧ ਵਿਚ ਪੇਸ਼ ਹੋਏ ਪਰਦੀਪ ਵਿਰਕ ਨੇ ਕਿਹਾ ਸੀ ਕਿ ਜ਼ਮਾਨਤ ਨਾ ਦਿਤੀ ਜਾਵੇ ਕਿਉਂਕਿ ਸੈਣੀ ਬਹੁਤ ਅਸਰਦਾਰ ਵਿਅਕਤੀ ਹਨ ਅਤੇ ਜੇਕਰ ਉਹ ਬਾਹਰ ਰਹੇ ਤਾਂ ਇਸ ਮਾਮਲੇ 'ਤੇ ਅਸਰ ਪਾ ਸਕਦੇ ਹਨ
ਸੁਮੇਧ ਸੈਣੀ ਕੇਸ 'ਚ ਮਹਿਲਾ ਚਸ਼ਮਦੀਦ ਗਵਾਹ ਆਈ ਸਾਹਮਣੇ
ਐਡਵੋਕੇਟ ਜੀ.ਕੇ. ਮਾਨ ਨੇ ਕੀਤੇ ਸਨਸਨੀਖ਼ੇਜ਼ ਖ਼ੁਲਾਸੇ
ਪੰਜਾਬ ਪੁਲਿਸ ਦੇ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਵਿਰੁਧ ਦਰਜ ਹੋਏ ਬਲਵੰਤ ਸਿੰਘ ਮੁਲਤਾਨੀ ਅਗ਼ਵਾ ਮਾਮਲੇ ਵਿਚ ਇਕ ਚਸ਼ਮਦੀਦ ਬੀਬੀ ਗਵਾਹ ਸਾਹਮਣੇ ਆਈ ਹੈ ਜਿਸ ਨੇ ਕੇਸ ਦੇ ਆਈ.ਓ. ਕੋਲ ਅਪਣੇ ਬਿਆਨ ਦਰਜ ਕਰਵਾ ਦਿਤੇ ਹਨ। ਇਸ ਤਰ੍ਹਾਂ ਕੇਸ ਵਿਚ ਦਿਲਚਸਪ ਮੋੜ ਆ ਗਿਆ ਹੈ। ਇਹ ਬੀਬੀ ਚੰਡੀਗੜ੍ਹ ਦੀ ਵਕੀਲ ਜੀ ਕੇ ਮਾਨ ਹੈ ਜਿਸ ਨੇ ਦਸਿਆ ਕਿ ਉਸ ਦੇ ਪਤੀ ਪ੍ਰਤਾਪ ਸਿੰਘ ਮਾਨ ਤੇ ਉਸ ਨੂੰ ਵੀ ਸੁਮੇਧ ਸੈਣੀ ਦੇ ਕਹਿਣ 'ਤੇ ਪੁਲਿਸ ਨੇ ਬਲਵੰਤ ਸਿੰਘ ਮੁਲਤਾਨੀ ਦੇ ਨਾਲ ਹੀ ਉਸ ਵੇਲੇ ਚੁੱਕਿਆ ਸੀ ਤੇ ਇਨ੍ਹਾਂ 'ਤੇ ਤਸ਼ੱਦਦ ਢਾਹਿਆ ਸੀ।
ਐਡਵੋਕੇਟ ਜੀ.ਕੇ ਮਾਨ ਇਸ ਵੇਲੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਬਤੌਰ ਵਕੀਲ ਪ੍ਰੈਕਟਿਸ ਕਰ ਰਹੇ ਹਨ। ਜਦੋਂ ਇਹ ਮਾਮਲਾ ਮੁਹਾਲੀ ਵਿਚ ਸੁਣਵਾਈ ਲਈ ਆਇਆ ਤਾਂ ਇਹ ਵਕੀਲ ਖ਼ੁਦ ਅਦਾਲਤ ਵਿਚ ਪੇਸ਼ ਹੋ ਗਈ ਤੇ ਅਪਣੇ ਬਿਆਨ ਦਰਜ ਕਰਵਾਉਣ ਦੀ ਇੱਛਾ ਪ੍ਰਗਟ ਕੀਤੀ ਜਿਸ 'ਤੇ ਅਦਾਲਤ ਨੇ ਕੇਸ ਦੇ ਆਈ.ਓ ਕੋਲ ਬਿਆਨ ਦਰਜ ਕਰਵਾਉਣ ਲਈ ਕਿਹਾ। ਉਸ ਨੇ ਇਸ ਕੇਸ ਦੇ ਪੜਤਾਲੀਆ ਅਫ਼ਸਰ (ਆਈ.ਓ.) ਕੋਲ ਬਿਆਨ ਦਰਜ ਕਰਵਾ ਦਿਤੇ ਹਨ।
ਉਸ ਨੇ ਦਸਿਆ ਕਿ ਬਲਵੰਤ ਸਿੰਘ ਮੁਲਤਾਨੀ ਉਸ ਦੇ ਪਤੀ ਨਾਲ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ ਵਿਚ ਇਕੱਠੇ ਪੜ੍ਹੇ ਸੀ। ਇਕ ਯੂ-ਟਿਊਬ ਚੈਨਲ ਨਾਲ ਇੰਟਰਵਿਊ ਦੌਰਾਨ ਸ੍ਰੀਮਤੀ ਮਾਨ ਨੇ ਕਈ ਸਨਸਨੀਖ਼ੇਜ਼ ਪ੍ਰਗਟਾਵੇ ਕੀਤੇ ਹਨ।
File photo
ਬੇਹੱਦ ਭਰੇ ਮਨ ਨਾਲ ਦਸੰਬਰ 1991 ਦੀ ਹੱਡਬੀਤੀ ਸੁਣਾਉਂਦੇ ਉਸ ਨੇ ਦਸਿਆ ਕਿ ਸੁਮੇਧ ਸੈਣੀ ਜੋ ਕਿ ਉਸ ਵੇਲੇ ਚੰਡੀਗੜ੍ਹ ਦਾ ਐਸ.ਐਸ.ਪੀ ਸੀ, ਖ਼ੁਦ ਸੈਕਟਰ 11 ਅਤੇ 17 ਦੇ ਥਾਣੇ ਵਿਚ ਆਉਂਦਾ ਸੀ ਤੇ ਇਸ ਨੇ ਕੋਲ ਖੜੇ ਹੋ ਕੇ ਬਲਵੰਤ ਸਿੰਘ ਮੁਲਤਾਨੀ 'ਤੇ ਤਸ਼ੱਦਦ ਢਾਹਿਆ। ਮੁਲਤਾਨੀ ਦੀਆਂ ਹੱਡੀਆਂ ਟੁੱਟੀਆਂ ਹੋਈਆਂ ਸਨ ਤੇ ਉਹਦੀ ਹਾਲਤ ਬਹੁਤ ਤਰਸਯੋਗ ਸੀ। ਫਿਰ ਪੁਲਿਸ ਨੇ ਇਹ ਕਹਿ ਦਿਤਾ ਕਿ ਮੁਲਤਾਨੀ ਭੱਜ ਗਏ ਹਨ। ਇਸ ਵਕੀਲ ਨੇ ਇਹ ਵੀ ਦਸਿਆ ਕਿ ਮੁਲਤਾਨੀ ਨੂੰ ਮਾਰਨ ਦੇ ਮਾਮਲੇ ਵਿਚ ਅਪਣੇ ਬਚਾਅ ਲਈ ਸੈਣੀ ਨੇ ਉੁਨ੍ਹਾਂ ਦੋਵੇਂ ਪਤੀ-ਪਤਨੀ ਨੂੰ ਅਦਾਲਤ ਵਿਚ ਪੇਸ਼ ਕੀਤਾ ਸੀ। 2007 ਵਿਚ ਉਸ ਨੇ ਦਸਿਆ ਕਿ ਇਸ ਕੇਸ ਵਿਚ ਉਹ ਦੋਵੇਂ ਪਤੀ-ਪਤਨੀ ਅਦਾਲਤ ਵਿਚੋਂ ਬਰੀ ਹੋਏ ਹਨ।