
ਇਕ ਦਿਨ 'ਚ 50 ਹੋਰ ਨਵੇਂ ਮਾਮਲੇ ਸਾਹਮਣੇ ਆਏ, ਇਕ ਹੋਰ ਮੌਤ ਦੀ ਪੁਸ਼ਟੀ, 168 ਮਰੀਜ਼ ਹੁਣ ਤਕ ਹੋਏ ਠੀਕ
ਚੰਡੀਗੜ੍ਹ, 11 ਮਈ (ਗੁਰਉਪਦੇਸ਼ ਭੁੱਲਰ): ਪੰਜਾਬ 'ਚ ਕੋਰੋਨਾ ਦੇ ਪਾਜ਼ੇਟਿਵ ਮਾਮਲੇ ਲਗਾਤਾਰ ਵੱਧ ਰਹੇ ਹਨ। ਅੱਜ ਸੂਬੇ 'ਚ ਕੋਰੋਨਾ ਦੇ ਪਾਜ਼ੇਟਿਵ ਕੇਸਾਂ ਦੀ ਗਿਣਤੀ ਵੱਧ ਕੇ 1900 ਦੇ ਨੇੜੇ ਪਹੁੰਚ ਚੁੱਕੀ ਹੈ। ਸਰਕਾਰੀ ਤੌਰ 'ਤੇ ਵੀ ਸ਼ਾਮ ਤਕ ਕੁਲ ਮਾਮਲੇ 1877 ਹੋ ਜਾਣ ਦੀ ਪੁਸ਼ਟੀ ਕੀਤੀ ਗਈ ਹੈ। ਇਕ ਦਿਨ 'ਚ ਹੀ 50 ਤੋਂ ਵੱਧ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ।
ਹੁਣ ਤਕ ਸੂਬੇ 'ਚ ਕੁੱਲ 42306 ਸੈਂਪਲ ਲਏ ਗਏ, ਜਿਨ੍ਹਾਂ 'ਚੋਂ 37993 ਦੀ ਰੀਪੋਰਟਾਂ ਨੈਗੇਟਿਵ ਹਨ। 2436 ਮਾਮਲਿਆਂ ਦੀਆਂ ਰੀਪੋਰਟਾਂ ਹਾਲੇ ਆਉਣੀਆਂ ਹਨ। 168 ਮਰੀਜ਼ ਹੁਣ ਤਕ ਠੀਕ ਵੀ ਹੋਏ ਹਨ। ਇਸ ਸਮੇਂ 2 ਮਰੀਜ਼ ਵੈਂਟੀਲੇਟਰ 'ਤੇ ਵੀ ਹਨ। ਹੁਣ ਹਾਟ ਸਪਾਟ ਜ਼ਿਲ੍ਹਿਆਂ 'ਚੋਂ ਅੰਮ੍ਰਿਤਸਰ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 300 ਤਕ ਪਹੁੰਚ ਗਈ ਹੈ ਜਦਕਿ ਜਲੰਧਰ 'ਚ ਵੀ ਅੰਕੜਾ 200 ਦੇ ਨੇੜੇ ਪਹੁੰਚ ਚੁੱਕਾ ਹੈ। ਲੁਧਿਆਣਾ, ਗੁਰਦਾਸਪੁਰ, ਨਵਾਂ ਸ਼ਹਿਰ ਤੇ ਮੋਹਾਲੀ 'ਚ ਵੀ ਪਾਜ਼ੇਟਿਵ ਮਰੀਜ਼ਾਂ ਦਾ ਅੰਕੜਾ 100 ਤੋਂ ਪਾਰ ਹੋ ਚੁੱਕਾ ਹੈ। ਅੱਜ ਲੁਧਿਆਣਾ ਵਿਖੇ ਕੋਰੋਨਾ ਨਾਲ ਇਕ ਹੋਰ ਮੌਤ ਦੀ ਪੁਸ਼ਟੀ ਹੋਈ ਹੈ।
File photo
'ਕੋਰੋਨਾ' ਕਾਰਨ ਜਲੰਧਰ 'ਚ 6ਵੀਂ ਮੌਤ
ਜਲੰਧਰ/ਲੁਧਿਆਣਾ, 11 ਮਈ (ਪ.ਪ.) : ਜਲੰਧਰ 'ਚ ਕੋਰੋਨਾ ਵਾਇਰਸ ਕਾਰਨ ਅੱਜ 6ਵੀਂ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਜਲੰਧਰ ਦੇ ਮਕਸੂਦਾਂ ਦੇ ਪਿੰਡ ਕਬੂਲਪੁਰ ਦੇ ਰਹਿਣ ਵਾਲੇ ਦਰਸ਼ਨ ਸਿੰਘ (91) ਨੇ ਲੁਧਿਆਣਾ ਦੇ ਸੀ.ਐਮ.ਸੀ. 'ਚ ਅੱਜ ਦਮ ਤੋੜ ਦਿਤਾ। ਦੱਸ ਦੇਈਏ ਕਿ ਉਕਤ ਵਿਅਕਤੀ ਦੀ ਬੀਤੇ ਦਿਨ ਹੀ ਕੋਰੋਨਾ ਰੀਪੋਰਟ ਪਾਜ਼ੇਟਿਵ ਪਾਈ ਗਈ ਸੀ।
ਸਿਹਤ ਜ਼ਿਆਦਾ ਖ਼ਰਾਬ ਹੋਣ ਦੇ ਚਲਦਿਆਂ ਉਸ ਨੂੰ ਕਿਡਨੀ ਹਸਪਤਾਲ ਤੋਂ ਲੁਧਿਆਣਾ ਦੇ ਸੀ.ਐਮ.ਸੀ. ਹਸਪਤਾਲ 'ਚ ਸ਼ਿਫ਼ਟ ਕੀਤਾ ਗਿਆ ਸੀ। ਅੱਜ ਹੋਈ ਮੌਤ ਦੇ ਨਾਲ ਜਲੰਧਰ 'ਚ ਮੌਤਾਂ ਦਾ ਅੰਕੜਾ 6 ਤਕ ਪਹੁੰਚ ਗਿਆ ਹੈ, ਜਦਕਿ 174 ਕੇਸ ਪਾਜ਼ੇਟਿਵ ਪਾਏ ਗਏ ਹਨ। ਇਸ ਦੇ ਇਲਾਵਾ 24 ਕੋਰੋਨਾ ਪੀੜਤ ਠੀਕ ਹੋ ਕੇ ਅਪਣੇ ਘਰਾਂ ਨੂੰ ਜਾ ਚੁੱਕੇ ਹਨ। ਉਕਤ ਵਿਅਕਤੀ ਦੇ ਸੰਪਰਕ 'ਚ ਆਉਣ ਵਾਲੇ ਨੇੜਲੇ ਤਿੰਨ ਘਰਾਂ ਦੇ ਪਰਵਾਰਾਂ ਨੂੰ ਵੀ ਕੁਆਰੰਟਾਈਨ ਕੀਤਾ ਗਿਆ ਹੈ। ਇਸ ਦੇ ਇਲਾਵਾ ਸਿਹਤ ਵਿਭਾਗ ਵਲੋਂ ਮ੍ਰਿਤਕ ਦਾ ਇਲਾਕਾ ਵੀ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ।