 
          	ਨਕਦ ਭੁਗਤਾਨ ਨੂੰ ਲੈ ਕੇ ਕੋਵਿਡ-19 ਦਾ ਇਲਾਜ ਕਰਨ ਵਾਲੇ ਹਸਪਤਾਲਾਂ 'ਤੇ ਇਨਕਮ ਟੈਕਸ ਦੀ ਤਿੱਖੀ ਨਜ਼ਰ
ਮੰਤਰਾਲੇ ਨੇ ਕੇਂਦਰੀ ਬੋਰਡ ਆਫ਼ ਡਾਇਰੈਕਟ ਟੈਕਸਿਜ਼ (ਸੀਬੀਡੀਟੀ) ਨੂੰ  ਪਹਿਲੇ ਗੇੜ ਵਿਚ ਅਣਐਲਾਨੀ ਨਕਦੀ ਲੈਣ ਵਾਲੇ 20 ਫ਼ੀ ਸਦੀ ਸ਼ੱਕੀ ਨਿਜੀ ਹਸਪਤਾਲਾਂ ਦੀ ਕੀਤੀ ਜਾਵੇ ਚੋਣ : ਸੂਤਰ
ਪ੍ਰਮੋਦ ਕੌਸ਼ਲ
ਲੁਧਿਆਣਾ, 11 ਮਈ: ਵਿੱਤ ਮੰਤਰਾਲੇ ਨੇ ਇਨਕਮ ਟੈਕਸ ਮਹਿਕਮੇ ਦੇ ਅਫ਼ਸਰਾਂ ਨੂੰ  ਉਨ੍ਹਾਂ ਹਸਪਤਾਲਾਂ ਅਤੇ ਨਰਸਿੰਗ ਹੋਮਜ਼ ਤੇ ਨਜ਼ਰ ਰੱਖਣ ਲਈ ਕਿਹਾ ਹੈ ਜਿਥੇ ਨਕਦ ਭੁਗਤਾਨ ਨੂੰ  ਲੈ ਕੇ ਕੋਵਿਡ-19 ਦਾ ਇਲਾਜ ਕੀਤਾ ਜਾ ਰਿਹਾ ਹੈ ਹਾਂਲਾਕਿ ਇਸ ਕਦਮ ਦਾ ਮਕਸਦ ਟੈਕਸ ਚੋਰੀ ਰੋਕਣਾ ਹੈ | ਨਾਲ ਹੀ ਮੰਤਰਾਲੇ ਨੇ ਅਫ਼ਸਰਾਂ ਨੂੰ  ਕਿਹਾ ਹੈ ਕਿ ਬੇਹਿਸਾਬ ਨਕਦੀ ਮਿਲੇ ਤਾਂ ਸਬੰਧਤ ਹਸਪਤਾਲ ਤੇ ਭਾਰੀ ਜੁਰਮਾਨਾ ਲਾਇਆ ਜਾਵੇ ਅਤੇ ਉਨ੍ਹਾਂ ਵਿਰੁਧ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਮੁਕੱਦਮਾ ਦਰਜ ਕਰ ਕੇ ਕਾਰਵਾਈ ਕੀਤੀ ਜਾਵੇ | 
ਮੰਤਰਾਲੇ ਨੇ ਨਿਜੀ ਹਸਪਤਾਲਾਂ ਵਲੋਂ ਨਕਦ ਭੁਗਤਾਨ ਲਏ ਜਾਣ ਅਤੇ ਉਸ ਦੇ ਵਹੀਖਾਤਿਆਂ ਵਿਚ ਐਂਟਰੀ ਨਾ ਚੜ੍ਹਾਉੁਣ ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਹੋਇਆ ਇਹ ਹੁਕਮ ਜਾਰੀ ਕੀਤੇ ਹਨ |
ਭਰੋਸੇਯੋਗ ਵਸੀਲਿਆਂ ਤੋਂ ਪਤਾ ਲੱਗਾ ਹੈ ਕਿ ਮਾਮਲੇ ਤੋਂ ਜਾਣੂ ਇਕ ਸੀਨੀਅਰ ਅਫ਼ਸਰ ਨੇ ਕਿਹਾ,'ਸਾਨੂੰ ਅਜਿਹੇ ਕਈ ਮਾਮਲਿਆਂ ਦਾ ਪਤਾ ਲੱਗਿਆ ਹੈ, ਜਿਥੇ ਨਿਜੀ ਹਸਪਤਾਲਾਂ ਨੇ ਮਰੀਜ਼ਾਂ ਦੇ ਪ੍ਰਵਾਰਕ ਮੈਂਬਰਾਂ ਤੋਂ ਮੋਟੀ ਰਕਮ ਨਕਦ ਮੰਗੀ ਪਰ ਉਨ੍ਹਾਂ ਨੂੰ  ਬਹੁਤ ਘੱਟ ਰਕਮ ਦਾ ਬਿਲ ਦਿਤਾ | ਜਦੋਂ ਮਰੀਜ਼ ਦੇ ਪ੍ਰਵਾਰਕ ਮੈਂਬਰਾਂ ਨੇ ਸਹੀ ਇਲਾਜ ਨਾ ਮਿਲਣ ਕਰ ਕੇ ਉਸ ਨੂੰ  ਦੂਸਰੇ ਹਸਪਤਾਲ ਵਿਚ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਉਹ ਹਸਪਤਾਲ ਤੋਂ ਰਕਮ ਦਾ ਦਾਅਵਾ ਨਹੀਂ ਕਰ ਸਕੇ |' ਪਤਾ ਲੱਗਾ ਹੈ ਕਿ ਮੰਤਰਾਲੇ ਨੇ ਕੇਂਦਰੀ ਬੋਰਡ ਆਫ਼ ਡਾਇਰੈਕਟ ਟੈਕਸਿਸ (ਸੀਬੀਡੀਟੀ) ਨੂੰ  ਕਿਹਾ ਹੈ ਕਿ ਪਹਿਲੇ ਗੇੜ ਵਿਚ ਅਜਿਹੇ 20 ਫ਼ੀ ਸਦੀ ਨਿਜੀ ਹਸਪਤਾਲਾਂ ਦੀ ਚੋਣ ਕੀਤੀ ਜਾਵੇ ਜਿਨ੍ਹਾਂ ਤੇ ਅਨਐਲਾਣੀ ਨਕਦੀ ਲੈਣ ਦਾ ਸ਼ੱਕ ਹੋਵੇ | ਇਸ ਗੱਲ ਦੀ ਤਫ਼ਤੀਸ਼ ਕੀਤੀ ਜਾਵੇ ਕਿ ਮਰੀਜ਼ ਤੋਂ ਉਨ੍ਹਾਂ ਨੇ ਕਿੰਨੀ ਐਲਾਨੀ ਅਤੇ ਅਣਐਲਾਨੀ ਨਕਦੀ ਲਈ ਹੈ ਅਤੇ ਇਸ ਬਾਬਤ ਉਨ੍ਹਾਂ ਤੋਂ ਜਵਾਬ ਤਲਬੀ ਵੀ ਕੀਤੀ ਜਾਵੇ | ਇਨਕਮ ਟੈਕਸ ਮਹਿਕਮੇ ਨੂੰ  ਇਹ ਵੀ ਕਿਹਾ ਗਿਆ ਹੈ ਕਿ ਉਹ ਹਰ ਇਕ ਨਿਜੀ ਹਸਪਤਾਲ ਨੂੰ  ਮਹਿਕਮੇ ਸਾਹਮਣੇ ਸਹੀ ਪ੍ਰਗਟਾਵਾ ਕਰਨ ਨੂੰ  ਵੀ ਕਹਿਣ ਜਿਸ ਵਿਚ ਦਸਿਆ ਜਾਵੇ ਕਿ ਉਨ੍ਹਾਂ ਨੂੰ  ਕਿੰਨੀਂ ਨਕਦੀ ਮਿਲੀ ਹੈ, ਕਿਸ ਮਰੀਜ਼ ਤੋਂ ਮਿਲੀ ਹੈ ਅਤੇ ਉਹ ਨਕਦੀ ਕਿਹੜੇ ਬੈਂਕ ਵਿਚ ਜਮ੍ਹਾਂ ਕੀਤੀ ਗਈ ਹੈ | ਇਸ ਦੀ ਪੂਰੀ ਡੀਟੇਲ ਹਸਪਤਾਲ ਤੋਂ ਮੰਗੀ ਜਾਵੇ | 
ਜੇਕਰ ਕੋਈ ਹਸਪਤਾਲ ਨੇਮਾਂ ਦਾ ਵਾਰ-ਵਾਰ ਉਲੰਘਣ ਕਰਦਾ ਮਿਲੇ ਤਾਂ ਉਸ ਵਿਰੁਧ ਮਨੀ ਲਾਂਡਰਿੰਗ ਰੋਕੂ ਐਕਟ ਤਹਿਤ ਕਾਰਵਾਈ ਕੀਤੀ ਜਾਵੇ ਅਤੇ ਟੈਕਸ ਚੋਰੀ ਦਾ ਮੁਕੱਦਮਾ ਵੀ ਦਰਜ ਕੀਤਾ ਜਾਵੇ | 
ਸੂਤਰਾਂ ਦੀ ਮੰਨੀਏ ਤਾਂ ਦੇਸ਼ ਭਰ ਤੋਂ ਇਨਕਮ ਟੈਕਸ ਮਹਿਕਮੇ ਦੇ ਕੋਲ ਹਸਪਤਾਲਾਂ ਵਿਰੁਧ ਸ਼ਿਕਾਇਤਾਂ ਆ ਰਹੀਆਂ ਹਨ ਕਿ ਉਹ ਮਰੀਜ਼ਾਂ ਦੇ ਪ੍ਰਵਾਰਾਂ ਨਾਲ ਧੋਖਾਧੜੀ ਕਰ ਰਹੇ ਹਨ ਅਤੇ ਜ਼ਿਆਦਾ ਤੋਂ ਜ਼ਿਆਦਾ ਰਕਮ ਨਕਦ ਹੀ ਮੰਗ ਰਹੇ ਹਨ | ਇਸ ਵਿਚ ਕਈ ਵੱਡੇ ਹਸਪਤਾਲ ਵੀ ਸ਼ਾਮਲ ਹਨ | ਇਸ ਸਮੱਸਿਆ ਦੇ ਹੱਲ ਲਈ ਸੀਬੀਡੀਟੀ ਨੇ ਸ਼ੁਕਰਵਾਰ ਨੂੰ  ਇਕ ਸਰਕੂਲਰ ਜਾਰੀ ਕੀਤਾ ਸੀ ਤਾਂ ਜੋ ਹਸਪਤਾਲ ਮਰੀਜ਼ਾਂ ਦਾ ਸ਼ੋਸ਼ਣ ਨਾ ਕਰ ਸਕਣ | ਇਸ ਵਿਚ ਕਿਹਾ ਗਿਆ ਹੈ ਕਿ ਹਸਪਤਾਲ ਨੂੰ  ਹੁਣ ਪ੍ਰਾਪਤ ਹੋਈ ਨਕਦੀ ਦਾ ਪ੍ਰਗਟਾਵਾ ਕਰਨਾ ਹੋਵੇਗਾ ਜਿਸ ਦੀ ਪੁਸ਼ਟੀ ਇਨਕਮ ਟੈਕਸ ਮਹਿਕਮਾ ਮਰੀਜ਼ ਅਤੇ ਉਸ ਦੇ ਪ੍ਰਵਾਰ ਤੋਂ ਕਰ ਸਕਦਾ ਹੈ |
 
 
                     
                
 
	                     
	                     
	                     
	                     
     
     
     
                     
                     
                     
                     
                    