
ਅਮਰੀਕੀ ਹਵਾਈ ਅੱਡੇ 'ਤੇ ਭਾਰਤੀ ਯਾਤਰੀ ਕੋਲੋਂ ਬਰਾਮਦ ਹੋਈਆਂ ਪਾਥੀਆਂ
ਵਾਸ਼ਿੰਗਟਨ, 11 ਮਈ : ਅਮਰੀਕਾ ਦੇ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ ਅਧਿਕਾਰੀਆਂ ਨੂੰ ਡੀ.ਸੀ. ਦੇ ਉਪਨਗਰ ਵਿਚ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਭਾਰਤ ਤੋਂ ਪਰਤੇ ਇਕ ਯਾਤਰੀ ਦੇ ਸਾਮਾਨ ਵਿਚੋਂ ਪਾਥੀਆਂ ਬਰਾਮਦ ਹੋਈਆਂ ਹਨ | ਭਾਰਤੀ ਯਾਤਰੀ ਜਿਹੜੇ ਬੈਗ ਵਿਚ ਪਾਥੀਆਂ ਲਿਆਇਆ ਸੀ, ਉਸ ਨੂੰ ਹਵਾਈ ਅੱਡੇ 'ਤੇ ਹੀ ਛੱਡ ਗਿਆ ਸੀ | ਅਧਿਕਾਰੀਆਂ ਨੇ ਦਸਿਆ ਕਿ ਅਮਰੀਕਾ ਵਿਚ ਪਾਥੀਆਂ 'ਤੇ ਪਾਬੰਦੀ ਹੈ ਕਿਉਂਕਿ ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਨਾਲ ਜ਼ਿਆਦਾ ਛੂਤ ਦੀ ਬੀਮਾਰੀ ਹੋ ਸਕਦੀ ਹੈ |
ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ.ਬੀ.ਪੀ.) ਨੇ ਦਸਿਆ ਕਿ ਇਨ੍ਹਾਂ ਨੂੰ ਨਸ਼ਟ ਕਰ ਦਿਤਾ ਗਿਆ ਹੈ | ਵਿਭਾਗ ਵਲੋਂ ਸੋਮਵਾਰ ਨੂੰ ਜਾਰੀ ਇਕ ਪ੍ਰੈੱਸ ਬਿਆਨ ਮੁਤਾਬਕ,''ਇਹ ਗ਼ਲਤ ਨਹੀਂ ਲਿਖਿਆ ਗਿਆ | ਸੀ.ਬੀ.ਪੀ. ਖੇਤੀ ਮਾਹਰਾਂ ਨੂੰ ਇਕ ਸੂਟਕੇਸ ਵਿਚੋਂ ਦੋ ਪਾਥੀਆਂ ਬਰਾਮਦ ਹੋਈਆਂ ਹਨ |'' ਬਿਆਨ ਮੁਤਾਬਕ ਇਹ ਸੂਟਕੇਸ 4 ਅਪ੍ਰੈਲ ਨੂੰ 'ਏਅਰ ਇੰਡੀਆ' ਦੇ ਜਹਾਜ਼ ਤੋਂ ਪਰਤੇ ਇਕ ਯਾਤਰੀ ਦਾ ਹੈ | ਸੀ.ਬੀ.ਪੀ. ਦੇ ਬਾਲਟੀਮੋਰ 'ਫੀਲਡ ਆਫਿਸ' ਦੇ 'ਫੀਲਡ ਆਪਰੇਸ਼ਨਜ' ਕਾਰਜਕਾਰੀ ਨਿਰਦੇਸ਼ਕ ਕ੍ਰੀਥ ਫਲੇਮਿੰਗ ਨੇ ਕਿਹਾ,''ਮੂੰਹ ਅਤੇ ਪੈਰ ਦੀ ਬੀਮਾਰੀ ਜਾਨਵਰਾਂ ਨੂੰ ਹੋਣ ਵਾਲੀ ਇਕ ਬੀਮਾਰੀ ਹੈ,
ਜਿਸ ਤੋਂ ਪਸ਼ੂਆਂ ਦੇ ਮਾਲਕ ਸੱਭ ਤੋਂ ਜ਼ਿਆਦਾ ਡਰਦੇ ਹਨ ਅਤੇ ਇਹ ਕਸਟਮਜ ਅਤੇ ਬਾਰਡਰ ਪ੍ਰੋਟੈਕਸ਼ਨ ਦੀ ਖੇਤੀ ਸੁਰੱਖਿਆ ਮੁਹਿੰਮ ਲਈ ਵੀ ਇਕ ਖਤਰਾ ਹੈ |''
ਸੀ.ਬੀ.ਪੀ. ਨੇ ਕਿਹਾ ਕਿ ਪਾਥੀਆਂ ਨੂੰ ਦੁਨੀਆ ਦੇ ਕੁੱਝ ਹਿੱਸਿਆਂ ਵਿਚ ਇਕ ਮਹੱਤਵਪੂਰਨ ਊਰਜਾ ਅਤੇ ਖਾਣਾ ਪਕਾਉਣ ਦਾ ਸਰੋਤ ਵੀ ਦਸਿਆ ਗਿਆ ਹੈ | ਇਸ ਦੀ ਵਰਤੋਂ ਕਥਿਤ ਤੌਰ 'ਤੇ 'ਸਕਿਨ ਡਿਟਾਕਸੀਫਾਇਰ' ਇਕ ਰੋਗਾਣੂਨਾਸਕ ਅਤੇ ਖਾਦ ਦੇ ਤੌਰ 'ਤੇ ਵੀ ਕੀਤੀ ਜਾਂਦੀ ਹੈ | ਸੀ.ਬੀ.ਪੀ. ਮੁਤਾਬਕ ਇਨ੍ਹਾਂ ਕਥਿਤ ਫਾਇਦਿਆਂ ਦੇ ਬਾਵਜੂਦ ਮੂੰਹ ਅਤੇ ਪੈਰ ਦੀ ਬੀਮਾਰੀ ਦੇ ਖਤਰੇ ਕਾਰਨ ਭਾਰਤ ਤੋਂ ਇਥੇ ਪਾਥੀਆਂ ਲਿਆਉਣਾ ਪਾਬੰਦੀਸ਼ੁਦਾ ਹੈ |