
ਅਮਰੀਕਾ ਦੀ ਚਿਤਾਵਨੀ, ਲੰਮੀ ਜੰਗ ਦੀ ਤਿਆਰੀ ਕਰ ਰਹੇ ਹਨ ਪੁਤਿਨ
ਵਾਸ਼ਿੰਗਟਨ, 11 ਮਈ : ਅਮਰੀਕਾ ਦੀ ਖ਼ੁਫ਼ੀਆ ਏਜੰਸੀ ਨੇ ਚਿਤਾਵਨੀ ਦਿਤੀ ਹੈ ਕਿ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਯੂਕ੍ਰੇਨ ਵਿਚ ਲੰਮੀ ਜੰਗ ਦੀ ਤਿਆਰੀ ਕਰ ਰਹੇ ਹਨ। ਬੀਬੀਸੀ ਨੇ ਬੁਧਵਾਰ ਨੂੰ ਇਹ ਜਾਣਕਾਰੀ ਦਿਤੀ। ਨੈਸ਼ਨਲ ਇੰਟੈਲੀਜੈਂਸ ਏਜੰਸੀ ਦੇ ਡਾਇਰੈਕਟਰ ਐਵਰਿਲ ਹੇਨਸ ਨੇ ਕਿਹਾ ਕਿ ਯੂਕ੍ਰੇਨ ਦੇ ਪੂਰਬੀ ਹਿੱਸੇ ਵਿਚ ਰੂਸ ਦੀ ਜਿੱਤ ਵੀ ਸੰਭਾਵੀ ਤੌਰ ’ਤੇ ਸੰਘਰਸ਼ ਨੂੰ ਖ਼ਤਮ ਨਹੀਂ ਕਰ ਸਕਦੀ। ਪੂਰਬੀ ਹਿੱਸੇ ਵਿਚ ਭਿਆਨਕ ਲੜਾਈ ਜਾਰੀ ਹੈ, ਜਿਥੇ ਰੂਸ ਖੇਤਰ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।
ਜਾਣਕਾਰੀ ਮੁਤਾਬਕ ਮਾਸਕੋ ਨੇ ਹੁਣ ਅਪਣਾ ਧਿਆਨ ਡੋਨਬਾਸ ਖੇਤਰ ’ਤੇ ਕਬਜ਼ਾ ਕਰਨ ’ਤੇ ਕੇਂਦਰਿਤ ਕਰ ਲਿਆ ਹੈ। ਹੇਨਸ ਨੇ ਮੰਗਲਵਾਰ ਨੂੰ ਅਮਰੀਕੀ ਸੈਨੇਟ ਦੀ ਇਕ ਕਮੇਟੀ ਦੀ ਸੁਣਵਾਈ ਵਿਚ ਦਸਿਆ ਕਿ ਰਾਸ਼ਟਰਪਤੀ ਪੁਤਿਨ ਅਜੇ ਵੀ ਡੋਨਬਾਸ ਤੋਂ ਇਲਾਵਾ ਹੋਰ ਟੀਚਿਆਂ ਨੂੰ ਪ੍ਰਾਪਤ ਕਰਨ ਦਾ ਇਰਾਦਾ ਰਖਦੇ ਹਨ ਪਰ ਉਹ ਅਪਣੀਆਂ ਇੱਛਾਵਾਂ ਅਤੇ ਰੂਸ ਦੀਆਂ ਮੌਜੂਦਾ ਰਵਾਇਤੀ ਫ਼ੌਜੀ ਸਮਰਥਾਵਾਂ ਵਿਚਕਾਰ ਮੇਲ ਨਹੀਂ ਬਣਾ ਪਾ ਰਹੇ ਹਨ। ਉਨ੍ਹਾਂ ਕਿਹਾ ਕਿ ਰੂਸੀ ਰਾਸ਼ਟਰਪਤੀ ਸੰਭਵ ਤੌਰ ’ਤੇ ਯੂਕ੍ਰੇਨ ਲਈ ਅਮਰੀਕਾ ਅਤੇ ਯੂਰਪੀਅਨ ਯੂਨੀਅਨ ਦੇ ਸਮਰਥਨ ’ਤੇ ਭਰੋਸਾ ਕਰ ਰਹੇ ਸਨ ਕਿਉਂਕਿ ਮਹਿੰਗਾਈ, ਭੋਜਨ ਦੀ ਕਮੀ ਅਤੇ ਊਰਜਾ ਪ੍ਰਣਾਲੀ ਵਿਗੜ ਗਈ ਹੈ। ਉਨ੍ਹਾਂ ਨੇ ਚਿਤਾਵਨੀ ਦਿਤੀ ਕਿ ਇਹ ਹਾਲਾਤ ਰੂਸੀ ਰਾਸ਼ਟਰਪਤੀ ਨੂੰ ਜੰਗ ਨੂੰ ਹੋਰ ਅੱਗੇ ਲਿਜਾਣ ਲਈ ਮਜਬੂਰ ਕਰਨਗੇ। (ਏਜੰਸੀ)