
ਲੋਕ ਇਨਸਾਫ਼ ਪਾਰਟੀ ਦਾ ਵੀ ਕਾਂਗਰਸ ਵਿੱਚ ਕੀਤਾ ਰਲੇਵਾਂ
Punjab News :ਕਿਸੇ ਸਮੇਂ ਲੁਧਿਆਣਾ ਦੀ ਰਾਜਨੀਤੀ ’ਚ ਵੱਖਰਾ ਦਬਦਬਾ ਰੱਖਣ ਵਾਲੇ ਬੈਂਸ ਭਰਾਵਾਂ ਨੇ ਹੁਣ ਕਾਂਗਰਸ ਦਾ ਹੱਥ ਫੜ ਲਿਆ ਹੈ। ਲੋਕ ਇਨਸਾਫ਼ ਪਾਰਟੀ (LIP) ਦੇ ਮੁਖੀ ਸਿਮਰਜੀਤ ਬੈਂਸ ਅਤੇ ਉਨ੍ਹਾਂ ਦੇ ਭਰਾ ਬਲਵਿੰਦਰ ਬੈਂਸ ਐਤਵਾਰ ਨੂੰ ਕਾਂਗਰਸ ਵਿੱਚ ਸ਼ਾਮਲ ਹੋ ਗਏ ਹਨ। ਦੋਹਾਂ ਭਰਾਵਾਂ ਨੇ ਨਵੀਂ ਦਿੱਲੀ ਸਥਿਤ ਪਾਰਟੀ ਦਫਤਰ 'ਚ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਹੈ।
ਦੱਸਿਆ ਜਾ ਰਿਹਾ ਹੈ ਕਿ ਦੋਵੇਂ ਭਰਾਵਾਂ ਨੇ ਪਿਛਲੇ ਕਈ ਦਿਨਾਂ ਤੋਂ ਦਿੱਲੀ 'ਚ ਡੇਰੇ ਲਾਏ ਹੋਏ ਸਨ। ਉਦੋਂ ਤੋਂ ਹੀ ਚਰਚਾ ਸ਼ੁਰੂ ਹੋ ਗਈ ਸੀ ਕਿ ਉਹ ਕਾਂਗਰਸ 'ਚ ਸ਼ਾਮਲ ਹੋ ਸਕਦੇ ਹਨ। ਐਤਵਾਰ ਨੂੰ ਰਾਹੁਲ ਗਾਂਧੀ ਨਾਲ ਦੋਹਾਂ ਦੀ ਮੁਲਾਕਾਤ ਤੋਂ ਬਾਅਦ ਉਨ੍ਹਾਂ ਲਈ ਕਾਂਗਰਸ 'ਚ ਸ਼ਾਮਲ ਹੋਣ ਦਾ ਰਸਤਾ ਸਾਫ ਹੋ ਗਿਆ। ਦੋਵਾਂ ਨੇ ਆਪਣੀ ਪਾਰਟੀ ਦਾ ਵੀ ਕਾਂਗਰਸ ਵਿੱਚ ਰਲੇਵਾਂ ਕਰ ਦਿੱਤਾ।
ਪ੍ਰਾਪਤ ਜਾਣਕਾਰੀ ਅਨੁਸਾਰ ਬੈਂਸ ਭਰਾ ਹੁਣ ਲੁਧਿਆਣਾ ਲੋਕ ਸਭਾ ਸੀਟ ਤੋਂ ਕਾਂਗਰਸੀ ਉਮੀਦਵਾਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਲਈ ਚੋਣ ਪ੍ਰਚਾਰ ਕਰਨਗੇ। ਰਾਜਾ ਵੜਿੰਗ ਕੱਲ ਯਾਨੀ ਸੋਮਵਾਰ ਨੂੰ ਆਪਣਾ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਬੈਂਸ ਭਰਾ ਇਸ ਦੌਰਾਨ ਉਨ੍ਹਾਂ ਨਾਲ ਮੌਜੂਦ ਰਹਿਣਗੇ।
2017 ਵਿੱਚ ਬਣਾਈ ਸੀ ਆਪਣੀ ਪਾਰਟੀ
ਦੱਸ ਦੇਈਏ ਕਿ ਬੈਂਸ ਭਰਾਵਾਂ ਨੇ ਆਪਣਾ ਸਿਆਸੀ ਸਫ਼ਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਸ਼ੁਰੂ ਕੀਤੀ ਸੀ ਫਿਰ ਬਾਅਦ ਵਿੱਚੋਂ ਉਹ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ। 2007 ਤੋਂ 2012 ਤੱਕ ਸਿਮਰਜੀਤ ਸਿੰਘ ਬੈਂਸ ਅਤੇ ਵੱਡੇ ਭਰਾ ਬਲਵਿੰਦਰ ਸਿੰਘ ਬੈਂਸ ਅਕਾਲੀ ਦਲ ਵਿੱਚ ਰਹੇ ਪਰ 2012 ਵਿੱਚ ਵੱਡੇ ਭਰਾ ਨੂੰ ਟਿਕਟ ਨਾ ਮਿਲਣ ਦੀ ਵਜ੍ਹਾ ਕਰਕੇ ਦੋਵੇ ਭਰਾਵਾਂ ਨੇ ਪਾਰਟੀ ਛੱਡ ਦਿੱਤੀ।
ਇਸ ਤੋਂ ਬਾਅਦ ਸਿਮਰਜੀਤ ਨੇ ਆਤਮਾ ਨਗਰ ਤੋਂ ਅਤੇ ਬਲਵਿੰਦਰ ਨੇ ਲੁਧਿਆਣਾ ਵਿਧਾਨ ਸਭਾ ਸੀਟ ਤੋਂ ਚੋਣ ਲੜੀ ਅਤੇ ਜਿੱਤੇ। ਬੈਂਸ ਨੇ ਲੋਕ ਇਨਸਾਫ ਪਾਰਟੀ ਬਣਾਈ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਵਿੱਚ 'ਆਪ' ਨਾਲ ਗਠਜੋੜ ਕੀਤਾ। ਇਸ ਵਾਰ ਵੀ ਦੋਵੇਂ ਭਰਾ ਚੋਣ ਜਿੱਤ ਗਏ। ਸਾਲ 2022 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਉਨ੍ਹਾਂ ਦੀ ਪਾਰਟੀ ਨੇ ਇਕੱਲਿਆਂ ਹੀ ਚੋਣ ਲੜੀ ਸੀ, ਪਰ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।