
ਅਗਲੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਹੁਣ ਤੋਂ ਤਿਆਰ ਹੋਣੀ ਸ਼ੁਰੂ ਹੋ ਚੁੱਕੀ ਹੈ.......
ਭੁੱਚੋ ਮੰਡੀ, : ਅਗਲੀਆਂ ਲੋਕ ਸਭਾ ਚੋਣਾਂ ਲਈ ਰਣਨੀਤੀ ਹੁਣ ਤੋਂ ਤਿਆਰ ਹੋਣੀ ਸ਼ੁਰੂ ਹੋ ਚੁੱਕੀ ਹੈ। ਸਾਰੀਆਂ ਸਿਆਸੀ ਧਿਰਾਂ ਨੇ ਹੁਣ ਤੋਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਭਾਜਪਾ ਅਪਣੀਆਂ ਭਾਈਵਾਲ ਪਾਰਟੀਆਂ ਨਾਲ ਸੰਪਰਕ ਵਧਾਉਣ 'ਤੇ ਲੱਗੀ ਹੋਈ ਹੈ ਪਰ ਕਾਂਗਰਸ ਉਨ੍ਹਾਂ ਦੇ ਭਾਈਵਾਲਾਂ ਨੂੰ ਉਨ੍ਹਾਂ ਦੇ ਗੜ੍ਹਾਂ ਵਿਚ ਹੀ ਘੇਰਨ ਦੀਆਂ ਵਿਤਵੰਦੀਆਂ ਬਣਾ ਰਹੀ ਹੈ।
2019 ਦੀਆਂ ਲੋਕ ਸਭਾ ਚੋਣਾਂ ਵਿਚ ਪੰਜਾਬ ਦੀ ਬਠਿੰਡਾ ਲੋਕ ਸਭਾ ਸੀਟ, ਇਕ ਮਹੱਤਵਪੂਰਨ ਸੀਟ ਹੋਵੇਗੀ। ਇਹ ਸੀਟ ਮਹੱਤਵਪੂਰਨ ਹੋਣ ਦੇ ਕਈ ਕਾਰਨ ਹਨ। ਪਹਿਲਾ, ਇਹ ਭਾਜਪਾ ਦੇ ਸਭ ਤੋਂ ਭਰੋਸੇਯੋਗ ਸਾਥੀ ਅਕਾਲੀ ਦਲ ਲਈ ਵਕਾਰੀ ਸੀਟ ਹੋਵੇਗੀ। ਇਹ ਸੀਟ ਅਕਾਲੀ ਦਲ ਅਤੇ ਬਾਦਲ ਪਰਿਵਾਰ ਲਈ ਜਿੱਤਣੀ ਇਸ ਲਈ ਜ਼ਰੂਰੀ ਹੈ ਕਿ ਇਸਦਾ ਫੈਸਲਾ ਪੰਜਾਬ ਦੀ ਅਗਲੀ ਰਾਜਨੀਤੀ ਦਾ ਭਵਿੱਖ ਤੈਅ ਕਰੇਗਾ।
Raninder Singh
ਇਸ ਸੀਟ ਦੀ ਜਿੱਤ ਹਾਰ ਦਾ ਫ਼ੈਸਲਾ ਅਕਾਲੀ ਦਲ ਹੀ ਨਹੀਂ ਬਲਕਿ ਕਾਂਗਰਸ ਦੀ ਅਗਲੀ ਲੀਡਰਸ਼ਿਪ ਦਾ ਭਵਿੱਖ ਵੀ ਤੈਅ ਕਰੇਗਾ। ਰਾਹੁਲ ਗਾਂਧੀ ਦੀ ਇਸ ਸੀਟ 'ਤੇ ਸਿੱਧੀ ਨਜ਼ਰ ਰੱਖਣ ਦੇ ਚਲਦਿਆਂ ਪੰਜਾਬ ਕਾਂਗਰਸ ਦੇ ਤਿੰਨੋਂ ਅਹਿਮ ਲੀਡਰ ਕੈਪਟਨ ਅਮਰਿੰਦਰ ਸਿੰਘ ਅਪਣੇ ਲੜਕੇ ਰਣਇੰਦਰ ਸਿੰਘ, ਮਨਪ੍ਰੀਤ ਸਿੰਘ ਬਾਦਲ ਅਪਣੇ ਲੜਕੇ ਅਰਜਨ ਬਾਦਲ ਜਾਂ ਅਪਣੀ ਪਤਨੀ ਬੀਨੂ ਬਾਦਲ, ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਨੂੰ ਇਸ ਸੀਟ ਤੋਂ ਬਾਦਲਾਂ ਦੇ ਵਿਰੁਧ ਖੜ੍ਹਾ ਕਰਨ ਦੀਆਂ ਵਿਊਂਤਾਂ ਬਣਾ ਰਹੇ ਹਨ।
2009 ਦੀਆਂ ਲੋਕ ਸਭਾ ਚੋਣਾਂ ਵਿਚ ਹਰਸਿਮਰਤ ਕੌਰ ਬਾਦਲ ਨੇ ਰਣਇੰਦਰ ਸਿੰਘ ਨੂੰ ਕਰੀਬ 1 ਲੱਖ 19 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ। 2014 ਦੀਆਂ ਲੋਕ ਸਭਾ ਚੋਣਾਂ ਵਿਚ ਮਨਪ੍ਰੀਤ ਸਿੰਘ ਬਾਦਲ ਨੂੰ ਕਰੀਬ 19 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ ਪਰ ਹੁਣ ਹਾਲਾਤ ਬਦਲੇ ਹੋਏ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਬਠਿੰਡਾ ਲੋਕ ਸਭਾ ਹਲਕੇ ਵਿਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 2 ਉਪਰ ਅਕਾਲੀ ਦਲ, 2 ਸੀਟਾਂ 'ਤੇ ਕਾਂਗਰਸ ਅਤੇ 5 ਵਿਧਾਨ ਸਭਾ ਸੀਟਾਂ 'ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਕੇ ਵਿਧਾਇਕ ਬਣੇ ਸਨ।
Navjot Kaur Sidhu
ਪਰ ਬਦਲਦੇ ਹਾਲਾਤ ਵਿਚ ਆਮ ਆਦਮੀ ਪਾਰਟੀ ਦੀ ਹਾਲਤ ਹੁਣ ਪਹਿਲਾਂ ਵਾਲੀ ਨਹੀ ਰਹੀ। ਫਿਰ ਵੀ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਸਿੰਘ ਮਾਨ ਚੋਣ ਲੜਨ ਦੀ ਤਿਆਰੀ ਵਿਚ ਹਨ। ਜੇ ਆਮ ਆਦਮੀ ਪਾਰਟੀ ਦਾ ਕਾਂਗਰਸ ਨਾਲ ਚੋਣ ਗਠਜੋੜ ਹੁੰਦਾ ਹੈ, ਜਿਸ ਤੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਦੋਵੇਂ ਅਜੇ ਇਨਕਾਰ ਕਰ ਰਹੇ ਹਨ ਤਾਂ ਅਕਾਲੀ ਦਲ ਲਈ ਰਾਹ ਕਾਫ਼ੀ ਮੁਸਕਲ ਹੋ ਜਾਵੇਗਾ। ਪਰ ਜੇ ਦੋਵੇਂ ਪਾਰਟੀਆਂ ਅਲੱਗ ਅਲੱਗ ਲੜਦੀਆ ਹਨ ਤਾਂ ਇੱਥੋਂ ਦਾ ਮੁਕਾਬਲਾ ਪੰਜਾਬ ਦੇ ਲੋਕਾਂ ਦਾ ਹੀ ਨਹੀ ਬਲਕਿ ਪੂਰੇ ਦੇਸ਼ ਦੇ ਲੋਕਾਂ ਦਾ ਧਿਆਨ ਖਿੱਚੇਗਾ।
ਇਸ ਸੀਟ 'ਤੇ ਆਮ ਆਦਮੀ ਪਾਰਟੀ ਨੂੰ ਵਿਧਾਨ ਸਭਾ ਚੋਣਾਂ ਵੇਲੇ ਪਈਆਂ ਵੋਟਾਂ ਦਾ ਨਵਾਂ ਰੁਖ ਜਿੱਤ ਹਾਰ ਦਾ ਫੈਸਲਾ ਕਰਨ ਵਿਚ ਅਹਿਮ ਰੋਲ ਅਦਾ ਕਰੇਗਾ।
ਬਾਦਲਾਂ ਨੇ ਅਪਣੀ ਰਣਨੀਤੀ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਹਰਸਿਮਰਤ ਕੌਰ ਬਾਦਲ ਬਠਿੰਡਾ ਵਿਧਾਨ ਸਭਾ ਹਲਕੇ ਚੋਂ ਆਪਣੀ ਲੀਡ ਵਧਾਉਣ ਲਈ ਮਨਪ੍ਰੀਤ ਸਿੰਘ ਬਾਦਲ ਨਾਲ ਨਰਾਜ਼ ਕਾਂਗਰਸੀ ਆਗੂਆਂ ਨਾਲ ਸੰਪਰਕ ਬਨਾਉਣ ਵਿਚ ਲੱਗੇ ਹੋਏ ਹਨ ਜਿਨ੍ਹਾਂ ਵਿਚੋਂ ਕੁੱਝ ਨੇ ਅਕਾਲੀ ਦਲ ਵਿਚ ਸ਼ਮੂਲੀਅਤ
ਵੀ ਕਰ ਲਈ ਹੈ ਅਤੇ ਕਈ, ਜਿਨ੍ਹਾਂ ਵਿਚ ਇੱਕ ਮੌਜੂਦਾ ਕੌਂਸਲਰ, ਇੱਕ ਕਾਂਗਰਸ ਦਾ ਸੂਬਾ ਸਕੱਤਰ ਅਤੇ ਕਈ ਹੋਰ ਕਾਂਗਰਸੀ ਵੀ ਹਨ,
Arjan Badal
ਉਨ੍ਹਾਂ ਦੇ ਸੰਪਰਕ ਵਿਚ ਹਨ। ਉਹ ਜਲਦੀ ਹੀ ਪਾਲਾ ਬਦਲਣ ਦੀ ਤਿਆਰੀ ਵਿਚ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖੁਦ ਲੰਬੀ ਸੀਟ ਤੋਂ ਲੀਡ ਵਧਾਉਣ ਲਈ ਇਸ ਹਲਕੇ ਨੂੰ ਪੂਰਾ ਸਮਾਂ ਦੇ ਰਹੇ ਹਨ। ਦੂਜੇ ਪਾਸੇ ਕਾਂਗਰਸ ਅਜੇ ਤੈਅ ਹੀ ਨਹੀ ਕਰ ਸਕੀ ਕਿ ਉਨ੍ਹਾਂ ਦਾ ਉਮੀਦਵਾਰ ਕੌਣ ਹੋਵੇਗਾ। ਇਸ ਸੀਟ ਤੋਂ ਜਿਹੜਾ ਉਮੀਦਵਾਰ ਜਿੱਤੇਗਾ ਉਹ ਆਪਣੀ ਪਾਰਟੀ ਵਿਚ ਨੰਬਰ ਇਕ ਬਣ ਜਾਵੇਗਾ। ਇਸ ਲਈ ਨਵਜੋਤ ਸਿੱਧੂ ਅਤੇ ਮਨਪ੍ਰੀਤ ਸਿੰਘ ਬਾਦਲ ਨੂੰ ਰੋਕਣ ਲਈ ਕੈਪਟਨ ਅਮਰਿੰਦਰ ਸਿੰਘ ਰਣਇੰਦਰ ਸਿੰਘ ਨੂੰ ਜਾਂ ਸਮਝੌਤਾ ਕਰਕੇ ਭਗਵੰਤ ਸਿੰਘ ਮਾਨ ਨੂੰ ਇੱਥੋਂ ਉਮੀਦਵਾਰ ਬਣਾ ਸਕਦੇ ਹਨ।
ਪਰ ਪਿਛਲੇ ਸਮੇਂ ਵਿਚ ਹਰਸਿਮਰਤ ਕੌਰ ਬਾਦਲ ਅਤੇ ਨਵਜੋਤ ਸਿੰਘ ਸਿੱਧੂ ਵੱਲੋਂ ਇੱਕ ਦੂਜੇ ਨੂੰ ਆਹਮੋ ਸਾਹਮਣੇ ਚੋਣ ਲੜਨ ਦੀ ਦਿੱਤੀ ਚੁਣੌਤੀ ਹੁਣ ਅਸਲੀ ਰੂਪ ਲੈ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਦਾ ਅਪਣਾ ਰੁਖ ਅਤੇ ਉਨ੍ਹਾਂ ਦੀ ਰਣਨੀਤੀ ਇੱਥੋਂ ਚੋਣ ਲੜਨ ਵਾਲੇ ਉਮੀਦਵਾਰ ਦੇ ਫੈਸਲੇ ਨੂੰ ਪ੍ਰਭਾਵਿਤ ਕਰੇਗੀ। ਪਰ ਕੁਝ ਵੀ ਹੋਵੇ, ਇਸ ਸੀਟ ਦਾ ਫੈਸਲਾ ਪੰਜਾਬ ਦੀ ਅਗਲੀ ਰਾਜਨੀਤੀ ਦਾ ਰੁਖ ਮੋੜਨ ਵਿਚ ਅਹਿਮ ਰੋਲ ਜ਼ਰੂਰ ਕਰੇਗਾ ਜਿਸਦਾ ਅਸਰ ਪੰਜਾਬ, ਪੰਜਾਬ ਦੇ ਲੋਕਾਂ ਅਤੇ ਤਿੰਨੋਂ ਰਾਜਨੀਤਕ ਪਾਰਟੀਆਂ ਅਕਾਲੀ ਦਲ, ਆਮ ਆਦਮੀ ਪਾਰਟੀ, ਕਾਂਗਰਸ ਅਤੇ ਇਨ੍ਹਾਂ ਤਿੰਨੋਂ ਪਾਰਟੀਆਂ ਦੇ ਪ੍ਰਮੁਖ ਲੀਡਰਾਂ ਦੀ ਅਗਲੀ ਰਾਜਨੀਤੀ 'ਤੇ ਪਵੇਗਾ।