
ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ 9 ਜੂਨ ਨੂੰ ਪਏ ਮੋਹਲੇਧਾਰ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਕਾਫੀ ਰਾਹਤ ਦਿੱਤੀ, ਉਥੇ ਮਾਲਵੇ ਅੰਦਰਲੇ ਕਈ ਜ਼ਿਲ੍ਹਿਆਂ.......
ਬਠਿੰਡਾ (ਦਿਹਾਤੀ), :- ਪੰਜਾਬ ਦੇ ਜ਼ਿਆਦਾਤਰ ਹਿੱਸਿਆਂ ਵਿਚ 9 ਜੂਨ ਨੂੰ ਪਏ ਮੋਹਲੇਧਾਰ ਮੀਂਹ ਨੇ ਜਿੱਥੇ ਆਮ ਲੋਕਾਂ ਨੂੰ ਕਾਫੀ ਰਾਹਤ ਦਿੱਤੀ, ਉਥੇ ਮਾਲਵੇ ਅੰਦਰਲੇ ਕਈ ਜ਼ਿਲ੍ਹਿਆਂ ਵਿਚ ਦੱਬ ਕੇ ਵਰੇ ਮੀਂਹ ਕਾਰਨ ਖੇਤਾਂ ਵਿਚ ਪਿਛਲੇ ਦੋ ਮਹੀਨਿਆਂ ਤੋ ਸੁੱਕੀ ਅਤੇ ਖਾਲੀ ਪਈ ਜ਼ਮੀਨ ਅੰਦਰ ਪਾਣੀ ਭਰ ਗਿਆ ਜੋ ਝੋਨੇ ਦੀ ਫਸਲ ਲਾਉਣ ਲਈ ਕਾਫੀ ਲਾਹੇਵੰਦ ਹੈ।
9 ਜੂਨ ਨੂੰ ਪਏ ਮੋਹਲੇਧਾਰ ਮੀਂਹ ਤੋ ਬਾਅਦ ਕਈ ਪਿੰਡਾਂ ਅੰਦਰ ਭਾਕਿਯੂ ਦੇ ਨੁਮਾਇਦਿਆਂ ਨੇ ਕੋਲ ਖੜ ਕੇ ਕਿਸਾਨਾਂ ਤੋਂ 10 ਜੂਨ ਨੂੰ ਝੋਨੇ ਦੀ ਲਵਾਈ ਸ਼ੁਰੂ ਕਰਵਾ ਦਿੱਤੀ ਜਦਕਿ ਸਰਕਾਰ ਦੀਆ ਹਦਾਇਤਾਂ ਉਪਰ ਅਮਲ ਕਰਦਿਆਂ ਖੇਤੀਬਾੜੀ ਵਿਭਾਗ ਉਕਤ ਥਾਵਾਂ ਉਪਰ ਪੁਲਿਸ ਨੂੰ ਨਾਲ ਲੈ ਕੇ ਪਹੁੰਚ ਗਿਆ। ਇਸ ਕਾਰਨ ਮਹਿੰਗੇ ਭਾਅ ਦੀ ਲੇਬਰ ਨਾਲ ਤਪਦੀ ਗਰਮੀ ਵਿਚ ਮਿੱਟੀ ਨਾਲ ਮਿੱਟੀ ਹੋ ਕੇ ਲਾਏ ਝੋਨੇ ਨੂੰ ਕਈ ਥਾਵਾਂ ਉਪਰ ਕਾਨੂੰਨੀ ਕਾਰਵਾਈ ਤੋਂ ਡਰਦਿਆਂ ਕਿਸਾਨਾਂ ਨੇ ਅਪਣੇ ਪੱਲਿਓ ਡੀਜ਼ਲ ਫੂਕ ਕੇ ਹੱਥੀਂ ਵਾਹਿਆ।
ਕਿਸਾਨ ਜੱਥੇਬੰਦੀਆਂ ਤੇ ਸਰਕਾਰ ਦਾ ਇਹ ਟਕਰਾਅ ਆਖ਼ਰ ਕਿਸਾਨ ਨੂੰ ਮਹਿੰਗਾ ਪੈ ਰਿਹਾ ਹੈ। ਜਿਹੜੇ ਕਿਸਾਨਾਂ ਨੇ ਝੋਨਾ ਲਾ ਲਿਆ ਪਰ ਸਰਕਾਰੀ ਦਬਾਅ ਦੇ ਬਾਵਜੂਦ ਅਜੇ ਵਾਹਿਆ ਨਹੀਂ ਉਹ ਡੀਜ਼ਲ ਮਹਿੰਗਾ ਹੋਣ ਅਤੇ ਸਰਕਾਰ ਵੱਲੋਂ ਬਿਜਲੀ ਸਪਲਾਈ ਢੁਕਵੀਂ ਨਾ ਦਿਤੇ ਜਾਣ ਕਾਰਨ ਪ੍ਰ੍ਰੇਸ਼ਾਨ ਹਨ। ਕਿਸਾਨ ਜਥੇਬੰਦੀਆਂ ਢੁਕਵੀਂ ਬਿਜਲੀ ਸਪਲਾਈ ਦੀ ਮੰਗ ਨੂੰ ਲੈ ਕੇ ਸੜਕਾਂ ਉਪਰ ਨਿੱਤਰ ਆਈਆਂ ਹਨ।
ਕਿਸਾਨ ਜਗਸੀਰ ਸਿੰਘ ਨੇ ਦਸਿਆ ਕਿ ਸਰਕਾਰ ਅਤੇ ਜੱਥੇਬੰਦੀਆਂ ਦੇ ਆਪਸੀ ਟਕਰਾਅ ਵਿਚ ਇਕ ਵਾਰ ਮੁੜ ਮਾਲਵੇ ਦਾ ਕਿਸਾਨ ਆਰਥਿਕ ਪੱਖੋ ਪਿਸ ਗਿਆ ਹੈ। ਇਸ ਕਾਰਨ ਹੁਣ ਕਿਸਾਨ ਨੂੰ ਖੁਦ ਅਪਣੀ ਸਮਝ ਨਾਲ ਫੈਸਲੇ ਲੈਣੇ ਪੈਣਗੇ ਨਹੀ ਤਾਂ ਹੱਥ ਨਾਲ ਦਿੱਤੀਆ ਗੰਢਾਂ ਉਸ ਨੂੰ ਮੂੰਹ ਨਾਲ ਖੋਲਣੀਆ ਪੈਣੀਆਂ ਹਨ ਕਿਉਕਿ ਕਾਨੂੰਨੀ ਕਾਰਵਾਈ ਜਾਂ ਝਗੜਾ ਹੋ ਜਾਣ ਦੀ ਸੂਰਤ ਵਿਚ ਥਾਣੇ/ਕਚਿਹਰੀਆਂ ਦੇ ਗੇੜੇ ਲਾਉਣੇ ਵਿਚ ਵੀ ਮੁੜ ਕਿਸਾਨ ਹੀ ਉੁਲਝ ਜਾਂਦਾ ਹੈ।