
ਬੀਤੀ ਰਾਤ ਸ਼ਹਿਰ ਦੀ ਗਊਸ਼ਾਲਾ ਰੋਡ 'ਤੇ ਸਥਿਤ ਇਕ ਪ੍ਰਮੁਖ ਇਲੈਕਟ੍ਰੋਨਿਕ ਸ਼ੋਅ ਰੂਮ 'ਚ ਲੱਖਾਂ ਰੁਪਏ ਦੀ ਚੋਰੀ ਨੂੰ ਅੰਜਾਮ ਦਿਤਾ ਗਿਆ
ਰਾਏਕੋਟ,: ਬੀਤੀ ਰਾਤ ਸ਼ਹਿਰ ਦੀ ਗਊਸ਼ਾਲਾ ਰੋਡ 'ਤੇ ਸਥਿਤ ਇਕ ਪ੍ਰਮੁਖ ਇਲੈਕਟ੍ਰੋਨਿਕ ਸ਼ੋਅ ਰੂਮ 'ਚ ਲੱਖਾਂ ਰੁਪਏ ਦੀ ਚੋਰੀ ਨੂੰ ਅੰਜਾਮ ਦਿਤਾ ਗਿਆ। ਘਟਨਾ ਦੀ ਜਾਣਕਾਰੀ ਦਿੰਦੇ ਹੋਏ ਇਲੈਕਟ੍ਰਾਨਿਕ ਹੱਟ ਸ਼ੋਅ ਰੂਮ ਦੇ ਮਾਲਕ ਸੁਨੀਲ ਕੁਮਾਰ ਅਤੇ ਉਨ੍ਹਾਂ ਦੇ ਭਰਾ ਅਨਿਲ ਕੁਮਾਰ ਨੇ ਦਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ 'ਚੋਂ 4 ਲੱਖ ਤੋਂ ਵੱਧ ਦੀ ਨਕਦੀ ਤੋਂ ਇਲਾਵਾ 10 ਤੋਂ ਵਧੇਰੇ ਐਲ.ਈ.ਡੀਜ਼, ਵਾਟਰ ਫ਼ਿਲਟਰ, ਹੋਮ ਥਿਏਟਰ ਤੋਂ ਇਲਾਵਾ ਹੋਰ ਕਈ ਮਹਿੰਗੇ ਸਮਾਨ ਲੈ ਗਏ ਹਨ।
ਉਨ੍ਹਾਂ ਦਸਿਆ ਕਿ ਚੋਰ ਉਨ੍ਹਾਂ ਦੀ ਦੁਕਾਨ ਦੇ ਪਿੱਛੋਂ ਇਕ ਪੌੜੀ ਲਗਾ ਕੇ ਦੁਕਾਨ ਦੀ ਛੱਤ 'ਤੇ ਪੁੱਜੇ ਅਤੇ ਉਥੇ ਲੱਗੇ ਲੋਹੇ ਦੇ ਜੰਗਲੇ ਨੂੰ ਖੋਲ੍ਹ ਕੇ ਦੁਕਾਨ ਅੰਦਰ ਦਾਖ਼ਲ ਹੋਏ ਅਤੇ ਇਸ ਚੋਰੀ ਦੀ ਘਟਨਾ ਨੂੰ ਅੰਜਾਮ ਦਿਤਾ। ਉਨ੍ਹਾਂ ਮੁਤਾਬਕ ਉਨ੍ਹਾਂ ਦਾ 10-12 ਲੱਖ ਤੋਂ ਵਧੇਰੇ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਦੁਕਾਨ ਦੇ ਅੰਦਰ ਸੀਸੀਟੀਵੀ ਕੈਮਰੇ ਵੀ ਲੱਗੇ ਹੋਏ ਹਨ
ਪਰ ਚੋਰ ਜਾਂਦੇ ਸਮੇਂ ਡੀ.ਵੀ.ਆਰ ਵੀ ਨਾਲ ਲੈ ਗਏ। ਚੋਰੀ ਦੀ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਡੀ.ਐਸ.ਪੀ. ਅਮਨਦੀਪ ਸਿੰਘ ਬਰਾੜ ਅਤੇ ਥਾਣਾ ਸਿਟੀ ਦੇ ਇੰਚਾਰਜ ਰਣਜੀਤ ਸਿੰਘ ਸਿੱਧੂ ਪੁਲਿਸ ਪਾਰਟੀ ਨਾਲ ਮੌਕੇ 'ਤੇ ਪੁੱਜੇ ਅਤੇ ਸਾਰੀ ਘਟਨਾ ਦੀ ਜਾਣਕਾਰੀ ਲਈ ਅਤੇ ਪੜਤਾਲ ਕੀਤੀ। ਗੱਲਬਾਤ ਕਰਦਿਆਂ ਥਾਣਾ ਮੁਖੀ ਰਣਜੀਤ ਸਿੰਘ ਨੇ ਦਸਿਆ ਕਿ ਪੁਲਿਸ ਵਲੋਂ ਮਾਮਲਾ ਦਰਜ ਕਰ ਕੇ ਚੋਰਾਂ ਦੀ ਭਾਲ ਸਰਗਰਮੀ ਨਾਲ ਸ਼ੁਰੂ ਕਰ ਦਿਤੀ ਹੈ ਅਤੇ ਉਨ੍ਹਾਂ ਨੂੰ ਸੀਸੀਟੀਵੀ ਫੁਟੇਜ 'ਚ ਇਸ ਚੋਰੀ ਦੇ ਕੁਝ ਅਹਿਮ ਸਬੂਤ ਮਿਲੇ ਹਨ ਅਤੇ ਚੋਰ ਜਲਦੀ ਹੀ ਪੁਲਿਸ ਦੀ ਹਿਰਾਸਤ 'ਚ ਹੋਣਗੇ।